Close
Menu

ਸੁਰੱਖਿਆ ਸਹਿਯੋਗ ‘ਤੇ ਪਾਕਿ ਦੀ ਅਮਰੀਕਾ ਨਾਲ ਗੱਲਬਾਤ ਜਾਰੀ

-- 12 January,2018

ਇਸਲਾਮਾਬਾਦ— ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਸੁਰੱਖਿਆ ਸਹਿਯੋਗ ਨੂੰ ਲੈ ਕੇ ਅਮਰੀਕਾ ਨਾਲ ਗੱਲਬਾਤ ਅਜੇ ਵੀ ਜਾਰੀ ਹੈ। ਅਮਰੀਕਾ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਨੂੰ ਤਕਰੀਬਨ 2 ਅਰਬ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਦੇਣ ‘ਤੇ ਰੋਕ ਲਗਾ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ‘ਤੇ ਅਫਗਾਨ ਤਾਲਿਬਾਨ ਤੇ ਹੱਕਾਨੀ ਨੈੱਟਵਰਕ ਵਰਗੇ ਸੰਗਠਨਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਸੀ।
ਅਮਰੀਕਾ-ਪਾਕਿਸਤਾਨ ਦੇ ਸਬੰਧਾਂ ਤੇ ਅੱਤਵਾਦ ਖਿਲਾਫ ਲੜਾਈ ‘ਤੇ ਉਨ੍ਹਾਂ ਦੇ ਸਹਿਯੋਗ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਦ੍ਰਿੜਤਾ ਨਾਲ ਆਪਸੀ ਸਨਮਾਨ ਤੇ ਵਿਸ਼ਵਾਸ ਦੀ ਲੋੜ ਹੈ। ਉਨ੍ਹਾਂ ਨੇ ਪ੍ਰੈੱਸ ਬ੍ਰੀਫਿੰਗ ‘ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸੁਰੱਖਿਆ ਸਹਿਯੋਗ ਦੇ ਮੁੱਦੇ ‘ਤੇ ਅਮਰੀਕੀ ਪ੍ਰਸ਼ਾਸਨ ਦੇ ਨਾਲ ਅਜੇ ਗੱਲਬਾਤ ਕਰ ਰਹੇ ਹਾਂ ਤੇ ਇਸ ਮੁੱਦੇ ‘ਤੇ ਵਿਸਥਾਰ ‘ਚ ਗੱਲਬਾਤ ਦੀ ਉਡੀਕ ਹੈ। ਬੁਲਾਰੇ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਨੇ ਆਪਣੇ ਸੰਸਾਧਨਾਂ ਨਾਲ ਵੱਡੇ ਪੈਮਾਨੇ ‘ਤੇ ਅੱਤਵਾਦ ਦੇ ਖਿਲਾਫ ਲੜਾਈ ਲੜੀ, ਜਿਸ ਦੀ ਲਾਗਤ 15 ਸਾਲਾਂ ‘ਚ 123 ਅਰਬ ਅਮਰੀਕੀ ਡਾਲਰ ਹੈ। ਸਾਡਾ ਵਿਸ਼ਵਾਸ ਹੈ ਕਿ ਸਾਡੀਆਂ ਕੋਸ਼ਿਸ਼ਾਂ ਨਾਲ ਅਲ-ਕਾਇਦਾ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਖਤਮ ਕਰਨ ‘ਚ ਮਦਦ ਮਿਲੀ ਹੈ।
ਪਾਕਿਸਤਾਨ ‘ਚ ਤਾਲਿਬਾਨ ਅਗਵਾਈ ਦੀ ਮੌਜੂਦਗੀ ਦੇ ਸਵਾਲ ‘ਤੇ ਫੈਜ਼ਲ ਨੇ ਕਿਹਾ ਕਿ ਸਰਕਾਰ ਇਸ ਦੋਸ਼ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਇਲਾਕੇ ‘ਚ ਅੱਤਵਾਦ ਦੀ ਚੁਣੌਤੀ ਨਾਲ ਨਿਪਟਣ ਦੇ ਲਈ ਅਮਰੀਕਾ ਦਾ ਸਮਰਥਨ ਕੀਤਾ ਹੈ। ਦੋਵੇਂ ਪੱਖ ਗੱਲਬਾਤ ਦੇ ਮਹੱਤਵ ਨੂੰ ਸਮਝਦੇ ਹਨ। ਪਾਕਿਸਤਾਨ ਨੂੰ ਅਮਰੀਕਾ ਸਹਾਇਤਾ ਰੋਕੇ ਜਾਣ ਦੇ ਅਮਰੀਕੀ ਫੈਸਲੇ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਕਤਰਫਾ ਕਦਮ ਹੈ, ਜਿਸ ਨਾਲ ਇਲਾਕੇ ਦੀ ਸਥਿਰਤਾ ‘ਤੇ ਨਾਕਾਰਾਤਮਕ ਅਸਰ ਪਵੇਗਾ।

Facebook Comment
Project by : XtremeStudioz