Close
Menu

ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਦੀ ਆਮ ਸਭਾ ਲਈ ਨਿਊਯਾਰਕ ਪੁੱਜੇ

-- 24 September,2018

ਨਿਊਯਾਰਕ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਆਮ ਸਭਾ ਦੇ 73ਵੇਂ ਇਜਲਾਸ ’ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਇਥੇ ਪੁੱਜ ਗਏ ਹਨ। ਉਹ ਪਾਕਿਸਤਾਨ ਨੂੰ ਛੱਡ ਕੇ ਹੋਰ ਮੁਲਕਾਂ ਦੇ ਆਗੂਆਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਸ੍ਰੀਮਤੀ ਸਵਰਾਜ ਵੱਲੋਂ 29 ਸਤੰਬਰ ਨੂੰ ਸਵੇਰੇ ਆਮ ਸਭਾ ਨੂੰ ਸੰਬੋਧਨ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਸਮੇਤ ਹੋਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਸੱਯਦ ਅਕਬਰੂਦੀਨ ਨੇ ਟਵੀਟ ਕਰਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਿਊਯਾਰਕ ’ਚ ਪੁੱਜਣ ਦੀ ਜਾਣਕਾਰੀ ਦਿੱਤੀ। ਆਮ ਸਭਾ ’ਚ ਬਹਿਸ 25 ਸਤੰਬਰ ਤੋਂ ਸ਼ੁਰੂ ਹੋਵੇਗੀ। ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਦੇ ਆਲਮੀ ਆਗੂ ਇਥੇ ਆਮ ਸਭਾ ਨੂੰ ਸੰਬੋਧਨ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 25 ਸਤੰਬਰ ਨੂੰ ਆਮ ਸਭਾ ਨੂੰ ਦੂਜੀ ਵਾਰ ਸੰਬੋਧਨ ਕਰਨਗੇ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਸੁਸ਼ਮਾ ਸਵਰਾਜ ਦੇ ਨਿਊਯਾਰਕ ’ਚ ਪੁੱਜਣ ਨਾਲ ਇਕ ਸਪਤਾਹ ਲਈ ਕੂਟਨੀਤੀ ਦਾ ਦੌਰ ਸ਼ੁਰੂ ਹੋ ਗਿਆ ਹੈ।

ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਬੈਠਕ ਦੀ ਤਜਵੀਜ਼ ਮਗਰੋਂ ਭਾਰਤ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ ਅਤੇ ਸ੍ਰੀਮਤੀ ਸਵਰਾਜ ਨੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਆਮ ਸਭਾ ਤੋਂ ਅੱਡ ਇਥੇ ਮੁਲਾਕਾਤ ਕਰਨੀ ਸੀ ਪਰ ਜੰਮੂ ਕਸ਼ਮੀਰ ’ਚ ਤਿੰਨ ਪੁਲੀਸ ਕਰਮੀਆਂ ਦੀ ਬੇਰਹਿਮੀ ਨਾਲ ਹੱਤਿਆ ਅਤੇ ਦਹਿਸ਼ਤਗਰਦ ਬੁਰਹਾਨ ਵਾਨੀ ਨੂੰ ਵਡਿਆਉਂਦੀ ਟਿਕਟ ਜਾਰੀ ਕਰਨ ’ਤੇ ਇਹ ਵਾਰਤਾ ਰੱਦ ਕਰ ਦਿੱਤੀ ਗਈ। ਕੁਰੈਸ਼ੀ ਵੱਲੋਂ 29 ਸਤੰਬਰ ਦੁਪਹਿਰ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਇਜਲਾਸ ਨੂੰ ਸੰਬੋਧਨ ਕੀਤਾ ਜਾਵੇਗਾ।

Facebook Comment
Project by : XtremeStudioz