Close
Menu

ਸੈਲੂਲਰ ਜੇਲ੍ਹ ’ਚੋਂ ਸਿੱਖ ਇਤਿਹਾਸ ਖ਼ਤਮ ਕਰਨ ਦੀ ਕੋਸ਼ਿਸ਼ ਮੰਦਭਾਗੀ: ਬਡੂੰਗਰ

-- 19 May,2017

ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਦੇ ਦੌਰੇ ਤੇ ਭੇਜੇ ਵਫ਼ਦ ਵੱਲੋਂ ਰਿਪੋਰਟ ਮਿਲਣ ਉਪਰੰਤ ਕਿਹਾ ਕਿ ਸਿੱਖਾਂ ਵੱਲੋਂ ਤਸੀਹੇ ਝੱਲ ਅਤੇ ਸ਼ਹਾਦਤਾਂ ਦੇ ਕੇ ਸਿਰਜਿਆ ਇਤਿਹਾਸ ਸਿੱਖ ਕੌਮ ਦਾ ਸਰਮਾਇਆ ਹੈ। ਸ੍ਰੀ ਬਡੂੰਗਰ ਵੱਲੋਂ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿੱਚ ਪੰਜਾਬੀਆਂ ਤੇ ਖਾਸਕਰ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰ ਕੇ ਦਿਖਾਉਣ ਦੇ ਮਾਮਲੇ ਸਬੰਧੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਵਿੱਚ ਵਫ਼ਦ ਉਥੇ ਭੇਜਿਆ ਸੀ, ਜਿਸ ਨੇ ਆਪਣੀ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਕਮੇਟੀ ਪ੍ਰਧਾਨ ਨੇ ਕਿਹਾ ਕਿ ਆਜ਼ਾਦੀ ਸੰਘਰਸ਼ ਵਿੱਚ ਹੋਈਆਂ ਅਨੇਕਾਂ ਸ਼ਹਾਦਤਾਂ ਜਿਥੇ ਤਵਾਰੀਖ ਦਾ ਹਿੱਸਾ ਹਨ, ਉਥੇ ਸਜ਼ਾਵਾਂ ਕੱਟਣ ਵਾਲਿਆਂ ਵਿੱਚ ਹੀ ਬਹੁ-ਗਿਣਤੀ ਸਿੱਖ ਤੇ ਪੰਜਾਬੀ ਸਨ। ਕਾਲੇਪਾਣੀ ਵਜੋਂ ਜਾਣੀ ਜਾਂਦੀ ਸੈਲੂਲਰ ਜੇਲ੍ਹ ਵਿੱਚ ਤਸੀਹੇ ਝੱਲਣ ਵਾਲਿਆਂ ਵਿੱਚ ਸਿੱਖਾਂ ਦੀ ਸ਼ਮੂਲੀਅਤ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਜੇਲ੍ਹ ਦੇ ਮਿਊਜ਼ੀਅਮ ਵਿੱਚ ਦਿਖਾਏ ਜਾਂਦੇ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਦੇ ਨਾਲ-ਨਾਲ ਜੇਲ੍ਹ ਦੀਆਂ ਗੈਲਰੀਆਂ ਵਿੱਚੋਂ ਸਿੱਖਾਂ ਦਾ ਇਤਿਹਾਸ ਖ਼ਤਮ ਕਰਨ ਦਾ ਯਤਨ ਮੰਦਭਾਗਾ ਹੈ। ਅਜਿਹੀਆਂ ਚਾਲਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ।  ਰਿਪੋਰਟ ਸਬੰਧੀ ਉਨ੍ਹਾਂ ਆਖਿਆ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਅੰਡੇਮਾਨ ਨਿਕੋਬਾਰ ਦੇ ਗਵਰਨਰ ਜਨਰਲ ਡਾ. ਜਗਦੀਸ਼ ਮੁਖੀ ਨੇ ਮਾਮਲੇ ਦੇ ਹੱਲ ਸਬੰਧੀ ਭਰੋਸਾ ਦਿੱਤਾ ਹੈ ਅਤੇ ਸਥਾਨਕ ਤਿੰਨ ਸੜਕਾਂ ਦੇ ਨਾਂਅ ਵੀ ਸਿੱਖਾਂ/ਪੰਜਾਬੀਆਂ ਦੇ ਨਾਂਅ ’ਤੇ ਰੱਖਣ ਦੀ ਗੱਲ ਆਖੀ ਹੈ ਪਰ ਫੇਰ ਵੀ ਰਿਪੋਰਟ ਨੂੰ ਘੋਖਣ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Facebook Comment
Project by : XtremeStudioz