Close
Menu
Breaking News:

ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਤੇ ਅਪਰਾਧੀਆਂ ਦੀਆਂ ਧਮਕੀਆਂ ਦਾ ਹੁਣ ਠੋਕਵਾਂ ਜਵਾਬ ਦੇਵੇਗੀ ਪੰਜਾਬ ਪੁਲੀਸ

-- 12 February,2018

 ਅਪਰਾਧ ਨੂੰ ਨੱਥ ਪਾਉਣ ਅਤੇ ਲੋਕਾਂ ਨਾਲ ਨੇੜਤਾ ਵਧਾਉਣ ਲਈ ਪੰਜਾਬ ਪੁਲੀਸ ਨੇ ਵੀ ਫੇਸਬੁੱਕ, ਟਵਿੱਟਰ ਅਤੇ ਯੂ. ਟਿੳੂਬ ’ਤੇ ਖਾਤਾ ਖੋਲਿਆ

ਚੰਡੀਗੜ, 12 ਫਰਵਰੀ

ਸੂਬੇ ਦੇ ਪੁਲੀਸ ਮੁਖੀ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਪੰਜਾਬ ਪੁਲੀਸ ਨੇ ਗੈਂਗਸਟਰਾਂ ਤੇ ਅਪਰਾਧੀਆਂ ਦੀ ਵਧ ਰਹੀ ਧਮਕੀ ਦਾ ਸਾਹਮਣਾ ਕਰਨ ਲਈ ਸੋਸ਼ਲ ਮੀਡੀਆ ’ਤੇ ਆਪਣਾ ਖਾਤਾ ਖੋਲ ਕੇ ਜਵਾਬੀ ਕਾਰਵਾਈ ਲਈ ਤਿਆਰੀ ਖਿੱਚ ਲਈ ਹੈ। ਇਸ ਆਨਲਾਈਨ ਮੁਹਿੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ।

ਇਸ ਨਾਲ ਪੰਜਾਬ ਪੁਲੀਸ ਦਾ ਫੇਸਬੁੱਕ ਪੇਜ (www.facebook.com/PunjabPoliceIndia), ਪੁਲੀਸ ਦੇ ਟਵਿੱਟਰ ਅਕਾੳੂਂਟ (www.twitter.com/PunjabPolice), ਡੀ.ਜੀ.ਪੀ. ਦੇ ਟਵਿੱਟਰ ਅਕਾੳੂਂਟ ਅਤੇ ਪੰਜਾਬ ਪੁਲੀਸ ਦੇ ਯੂ. ਟਿੳੂਬ ਚੈਨਲ ਨਾਲ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਖਾਤਾ ਖੋਲਿਆ ਹੈ।

ਰਸਮੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਦੀ ਸੋਸ਼ਲ ਮੀਡੀਆ ਮੁਹਿੰਮ ਨਾਲ ਜਿੱਥੇ ਪੁਲੀਸ ਤੇ ਲੋਕਾਂ ਦਰਮਿਆਨ ਦੂਰੀਆਂ ਮਿਟਣਗੀਆਂ, ਉਥੇ ਹੀ ਸੂਬੇ ਵਿੱਚ ਦਹਿਸ਼ਤ ਮਚਾਉਣ ਲਈ ਗੈਂਗਸਟਰਾਂ ਅਤੇ ਅਪਰਾਧੀਆਂ ਵੱਲੋਂ ਸ਼ੋਸਲ ਮੀਡੀਆ ’ਤੇ ਕੀਤੀ ਜਾਂਦੀ ਬਦਜ਼ਬਾਨੀ ਨੂੰ ਵੀ ਨੱਥ ਪਏਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਅਕਾੳੂਂਟ ਸੂਚਨਾ ਦਾ ਪਾਸਾਰ, ਫੀਡਬੈਕ, ਸ਼ਿਕਾਇਤ ਪ੍ਰਣਾਲੀ ਲਈ ਪ੍ਰਭਾਵਸ਼ਾਲੀ ਮੰਚ ਮੁਹੱਈਆ ਕਰਵਾਉਣਗੇ। ਉਨਾਂ ਨੇ ਪੁਲੀਸ ਨੂੰ ਫੋਰਸ ਅਤੇ ਨਾਗਰਿਕਾਂ ਦੇ ਆਪਸੀ ਹਿੱਤ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਆਖਿਆ।

ਮੁੱਖ ਮੰਤਰੀ ਨੇ ਪੁਲੀਸ ਨੂੰ ਸੋਸ਼ਲ ਮੀਡੀਆ ਦੀ ਪਹੁੰਚ ਸਮਾਜ ਦੇ ਵੱਖ-ਵੱਖ ਵਰਗਾਂ ਖਾਸ ਤੌਰ ’ਤੇ ਨੌਜਵਾਨ ਵਰਗ ਤੱਕ ਬਣਾਉਣ ਦਾ ਸੱਦਾ ਦਿੱਤਾ ਤਾਂ ਕਿ ਪੁਲੀਸ ਦੇ ਕੰਮਕਾਜ ਨੂੰ ਹੋਰ ਵਧੇਰੇ ਪਾਰਦਰਸ਼ੀ, ਸੰਵੇਦਨਸ਼ੀਲ ਅਤੇ ਅਸਰਦਾਰ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨਾਲ ਪ੍ਰਭਾਵੀ ਢੰਗ ਨਾਲ ਨਿਪਟਣ, ਅਪਰਾਧ ਨੂੰ ਰੋਕਣ ਤੇ ਜਾਂਚ ਅਤੇ ਪੁਲੀਸ ਦੇ ਹੋਰ ਪਹਿਲੂਆਂ ਲਈ ਸੋਸ਼ਲ ਮੀਡੀਆ ਬਹੁਤ ਸਹਾਈ ਹੋ ਸਕਦਾ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਲੋਕਾਂ ਨਾਲ ਨਜ਼ਦੀਕੀਆਂ ਵਧਾਉਣ ਲਈ ਪੁਲੀਸ ਵੱਲੋਂ ਸੋਸ਼ਲ ਮੀਡੀਆ ਦੇ ਤਿੰਨ ਪਲੇਟਫਾਰਮ (ਫੇਸਬੁੱਕ, ਟਵਿੱਟਰ ਅਤੇ ਯੂ. ਟਿੳੂਬ) ਵਰਤੇ ਜਾਣਗੇ।

ਇਸ ਮੌਕੇ ਪੁਲੀਸ ਦੇ ਚੋਟੀ ਦੇ ਅਧਿਕਾਰੀ ਹਾਜ਼ਰ ਸਨ ਜਿਨਾਂ ਵਿੱਚ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ, ਡੀ.ਜੀ.ਪੀ.-(ਆਈ.ਟੀ. ਤੇ ਟੀ.) ਵੀ. ਕੇ. ਭਾਵਰਾ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਡੀ.ਜੀ.ਪੀ. ਅਮਨ ਤੇ ਕਾਨੂੰਨ ਹਰਦੀਪ ਢਿੱਲੋਂ, ਆਈ.ਜੀ. ਪ੍ਰੋਵੀਜ਼ਨਿੰਗ ਗੁਰਪ੍ਰੀਤ ਦਿਓ, ਆਈ.ਜੀ. ਕ੍ਰਾਈਮ ਇੰਦਰਬੀਰ ਸਿੰਘ, ਆਈ.ਜੀ.-(ਆਈ.ਟੀ. ਤੇ ਟੀ.) ਐਸ.ਕੇ. ਅਸਥਾਨਾ ਅਤੇ ਆਈ.ਜੀ. ਐਨ.ਆਰ.ਆਈ. ਸੈੱਲ ਈਸ਼ਵਰ ਚੰਦਰ ਹਾਜ਼ਰ ਸਨ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਹਾਜ਼ਰ ਸਨ।

Facebook Comment
Project by : XtremeStudioz