Close
Menu

ਸੰਯੁਕਤ ਰਾਸ਼ਟਰ ਵੱਲੋਂ ਸੜਕ ਸੁਰੱਖਿਆ ਟਰੱਸਟ ਫੰਡ ਦੀ ਸ਼ੁਰੂਆਤ

-- 14 April,2018

ਸੰਯੁਕਤ ਰਾਸ਼ਟਰ, 14 ਅਪਰੈਲ
ਭਾਰਤ ਤੇ ਕੈਨੇਡਾ ਵਿੱਚ ਹੁੰਦੇ ਦਰਦਨਾਕ ਸੜਕ ਹਾਦਸਿਆਂ ਦੀ ਮਿਸਾਲ ਦਿੰਦਿਆਂ ਸੰਯੁਕਤ ਰਾਸ਼ਟਰ(ਯੂਐਨ) ਨੇ ਸੜਕ ਸੁਰੱਖਿਆ ਟਰੱਸਟ ਫੰਡ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂਐਨ ਵਿੱਚ ਡਿਪਟੀ ਸਕੱਤਰ ਜਨਰਲ ਅਮੀਨਾ ਮੁਹੰਮਦ ਨੇ ਟਰੈਫਿਕ ਕਰਕੇ ਹੁੰਦੀਆਂ ਮੌਤਾਂ ਨੂੰ ਆਲਮੀ ਚਿੰਤਾ ਕਰਾਰ ਦਿੰਦਿਆਂ ਕਿਹਾ ਕਿ ਇਸ ਫੰਡ ਨੂੰ ਮੁੱਖ ਤੌਰ ’ਤੇ ਸੜਕ ਹਾਦਸਿਆਂ ਮੌਕੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਖਰਚਿਆ ਜਾਵੇਗਾ।
ਇਥੇ ਸੜਕ ਸੁਰੱਖਿਆ ’ਤੇ ਜਾਰੀ ਵਿਚਾਰ ਚਰਚਾ ਮੌਕੇ ਅਮੀਨਾ ਮੁਹੰਮਦ ਨੇ ਕਿਹਾ ਕਿ ਅੱਜ ਨੌਜਵਾਨਾਂ ਦੀਆਂ ਸਭ ਤੋਂ ਵੱਧ ਜਾਨਾਂ ਸੜਕ ਹਾਦਸਿਆਂ ’ਚ ਜਾਂਦੀਆਂ ਹਨ ਤੇ ਇਹ ਹਰ ਸਾਲ ਲੱਖਾਂ ਲੋਕਾਂ ਨੂੰ ਕੰਗਾਲੀ ਦੀ ਕਗਾਰ ’ਤੇ ਲਿਜਾਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, ‘ਸੜਕ ਹਾਦਸਿਆਂ ’ਚ ਹੁੰਦੀਆਂ ਮੌਤਾਂ ਗੰਭੀਰ ਮੁੱਦਾ ਹੈ ਜੋ ਇਸ ਪਾਸੇ ਆਲਮੀ ਪੱਧਰ ’ਤੇ ਫ਼ਿਕਰਮੰਦੀ ਜ਼ਾਹਰ ਕੀਤੇ ਜਾਣ ਦੀ ਮੰਗ ਕਰਦਾ ਹੈ। ਹਰ ਸਾਲ ਲਗਪਗ 13 ਲੱਖ ਡਰਾਈਵਰ, ਮੁਸਾਫ਼ਰ ਤੇ ਪੈਦਲ ਜਾਣ ਵਾਲੇ ਲੋਕ ਸੜਕ ਹਾਦਸਿਆਂ ’ਚ ਜਾਨ ਗੁਆਉਂਦੇ ਹਨ ਜਦਕਿ ਜ਼ਖ਼ਮੀਆਂ ਦੀ ਗਿਣਤੀ ਪੰਜ ਕਰੋੜ ਦੇ ਕਰੀਬ ਹੈ।’ ਮੁਹੰਮਦ ਨੇ ਆਪਣੇ ਸੰਬੋਧਨ ’ਚ ਕੈਨੇਡਾ ਤੇ ਭਾਰਤ ਵਿੱਚ ਹੁੰਦੇ ਦਰਦਨਾਕ ਹਾਦਸਿਆਂ ਦਾ ਹਵਾਲਾ ਦਿੰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਵੀ ਜਤਾਈ।
ਫ਼ੰਡ ਦੀਆਂ ਖੂਬੀਆਂ ਨੂੰ ਉਜਾਗਰ ਕਰਦਿਆਂ ਮੁਹੰਮਦ ਨੇ ਕਿਹਾ ਇਸ ਪੈਸੇ ਨੂੰ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਜਾਨਾਂ ਨੂੰ ਬਚਾਉਣ ’ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਸਾਰੇ ਭਾਈਵਾਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਟਰੱਸਟ ਫੰਡ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਤੇ ਸੜਕ ਸੁਰੱਖਿਆ ਦੇ ਟੀਚੇ ਨੂੰ ਸਰ ਕਰਨ ਲਈ ਆਪਣੇ ਯਤਨਾਂ ਨੂੰ ਤੇਜ਼ ਕਰਨ।

Facebook Comment
Project by : XtremeStudioz