Close
Menu

ਹਰਿੰਦਰ ਸੰਧੂ ਨੇ ਜਿੱਤਿਆ ਵਿਕਟੋਰੀਆ ਓਪਨ

-- 17 July,2017

ਚੇਨਈ, ਭਾਰਤ ਦੇ ਹਰਿੰਦਰ ਪਾਲ ਸੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਅੱਜ ਮੈਲਬਰਨ ’ਚ ਪੀਸੀਏ ਟੂਰ ਮੁਕਾਬਲੇ ਵਿਕਟੋਰੀਆ ਓਪਨ ਸਕੁਐਸ਼ ਦੇ ਫਾਈਨਲ ’ਚ ਆਸਟਰੇਲੀਆ ਦੇ ਅੱਵਲ ਦਰਜਾ ਖਿਡਾਰੀ ਰੈਕਸ ਹੈਡ੍ਰਿੱਕ ਨੂੰ 12-14, 11-3, 11-4, 11-7 ਨਾਲ ਹਰਾ ਕੇ ਦੋ ਹਫ਼ਤਿਆਂ ਅੰਦਰ ਆਪਣਾ ਲਗਾਤਾਰ ਦੂਜਾ ਖ਼ਿਤਾਬ ਜਿੱਤਿਆ ਹੈ।

ਪਿਛਲੇ ਹਫ਼ਤੇ ਸਾਊਥ ਆਸਟਰੇਲੀਆ ਓਪਨ ਦਾ ਖ਼ਿਤਾਬ ਜਿੱਤਣ ਵਾਲਾ ਸੰਧੂ ਇੱਕ ਵੀ ਗੇਮ ਗੁਆਏ ਬਗੈਰ ਫਾਈਨਲ ਤੱਕ ਪਹੁੰਚਿਆ ਸੀ ਅਤੇ ਖ਼ਿਤਾਬੀ ਮੁਕਾਬਲੇ ’ਚ ਵੀ ਉਸ ਨੇ ਬਿਹਤਰੀਨ ਫੌਰਮ ਬਰਕਰਾਰ ਰੱਖੀ। ਉਸ ਨੇ ਸ਼ੁਰੂ ਤੋਂ ਹੀ ਆਪਣੇ ਵਿਰੋਧੀ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ 77 ਮਿੰਟ ਤੱਕ ਚੱਲੇ ਮੈਚ ’ਚ ਪਹਿਲੀ ਗੇਮ ਗੁਆਉਣ ਦੇ ਬਾਵਜੂਦ ਜਿੱਤ ਦਰਜ ਕੀਤੀ। ਪਹਿਲੀ ਗੇਮ ’ਚ ਦੋਵਾਂ ਖਿਡਾਰੀਆਂ ਵਿਚਾਲੇ ਲੰਮੀਆਂ ਰੈਲੀਆਂ ਦੇਖਣ ਨੂੰ ਮਿਲੀਆਂ, ਪਰ ਹੈਡ੍ਰਿਕ ਅਖੀਰ ’ਚ ਜਿੱਤ ਦਰਜ ਕਰਨ ’ਚ ਸਫ਼ਲ ਰਿਹਾ। ਤੀਜਾ ਦਰਜਾ ਹਾਸਲ ਸੰਧੂ ਨੇ ਇਸ ਮਗਰੋਂ ਹਮਲਾਵਰ ਰਵੱਈਆ ਅਪਣਾਇਆ ਅਤੇ ਫਿਰ ਆਪਣੇ ਵਿਰੋਧੀ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ।
ਸੰਧੂ ਦਾ ਇਸ ਸਾਲ ’ਚ ਇਹ ਚੌਥਾ ਖ਼ਿਤਾਬ ਹੈ। ਉਸ ਨੇ ਕੱਲ ਨੀਦਰਲੈਂਡ ਦੇ ਪੀਡਰੋ ਸ਼ਵੀਟਰਮੈਨ ਨੂੰ ਹਰਾ ਕੇ ਫਾਈਨਲ ’ਚ ਥਾਂ ਬਣਾਈ ਸੀ। ਇਸੇ ਦਰਮਿਆਨ ਅੱਵਲ ਦਰਜਾ ਹਾਂਗ ਕਾਂਗ ਦੀ ਲਿਊ ਸੇ ਲਿੰਗ ਨੇ ਨਿਊਜ਼ੀਲੈਂਡ ਦੀ ਅਮਾਂਡਾ ਲੈਂਡਰਜ਼ ਮਰਫੀ ਨੂੰ 17-15, 11-6, 11-5 ਨਾਲ ਹਰਾ ਕੇ ਮਹਿਲਾਵਾਂ ਦਾ ਖ਼ਿਤਾਬ ਹਾਸਲ ਕੀਤਾ।

Facebook Comment
Project by : XtremeStudioz