Close
Menu

ਹਵਾਈ ਸੈਨਾ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਤਿਆਰ: ਧਨੋਆ

-- 10 October,2018

ਹਿੰਡਨ (ਯੂਪੀ), ਭਾਰਤੀ ਹਵਾਈ ਸੈਨਾ ਦੇ ਮੁਖੀ ਬੀ.ਐਸ.ਧਨੋਆ ਨੇ ਅੱਜ ਕਿਹਾ ਕਿ ਆਈਏਐਫ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਹਮੇਸ਼ਾਂ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ 36 ਰਾਫ਼ਾਲ ਲੜਾਕੂ ਜੈੱਟ ਤੇ ਰੂਸ ਦੀਆਂ ਬਣੀ ਐੱਸ-400 ਮਿਜ਼ਾਇਲ ਪ੍ਰਣਾਲੀ ਹਵਾਈ ਸੈਨਾ ਦਾ ਹਿੱਸਾ ਬਣਨ ਨਾਲ ਸੁਰੱਖਿਆ ਬਲਾਂ ਦੀ ਸਮਰੱਥਾ ਹੋਰ ਵਧ ਜਾਵੇਗੀ। ਉਂਜ ਹਵਾਈ ਹਾਦਸਿਆਂ ਦੀ ਵਧਦੀ ਗਿਣਤੀ ਦਰਮਿਆਨ ਏਅਰ ਚੀਫ਼ ਮਾਰਸ਼ਲ ਨੇ ਸਾਫ਼ ਕਰ ਦਿੱਤਾ ਕਿ ਐਰੋਸਪੇਸ ਸੁਰੱਖਿਆ ਅਜਿਹਾ ਖੇਤਰ ਹੈ ਜਿਸ ਪ੍ਰਤੀ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਨ ਅਮਾਨ ਵੇਲੇ ਹਵਾਈ ਜਹਾਜ਼ਾਂ ਦਾ ਨੁਕਸਾਨ ਨਾ ਸਿਰਫ਼ ਮਹਿੰਗਾ ਪੈਂਦਾ ਹੈ ਬਲਕਿ ਇਸ ਨਾਲ ਜੰਗੀ ਕਾਬਲੀਅਤ ਵੀ ਮੱਠੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਗ਼ਲਤੀ ਕਰਕੇ ਹੋਣ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਯਤਨ ਜਾਰੀ ਹਨ। ਪਾਇਲਟਾਂ ਤੇ ਹੋਰਨਾਂ ਤਕਨੀਸ਼ੀਅਨਾਂ ਨੂੰ ਲੋੜੀਂਦੀ ਬਿਹਤਰ ਸਿਖਲਾਈ ਮੁਹੱਈਆ ਕੀਤੀ ਜਾ ਰਹੀ ਹੈ ਤਾਂ ਕਿ ਉਹ ਵਿਰਸੇ ਵਿੱਚ ਮਿਲੇ ਜਹਾਜ਼ਾਂ ਤੇ ਹਥਿਆਰਾਂ ਸਮੇਤ ਮੌਜੂਦਾ ਪੀੜ੍ਹੀ ਦੇ ਜੰਗੀ ਜਹਾਜ਼ਾਂ ਨੂੰ ਲੈ ਕੇ ਦਰਪੇਸ਼ ਚੁਣੌਤੀਆਂ ਨਾਲ ਸਿੱਝ ਸਕਣ।
ਇਥੇ ਏਅਰ ਫੋਰਸ ਡੇਅ ਮੌਕੇ ਆਪਣੀ ਤਕਰੀਰ ’ਚ ਐਡਮਿਰਲ ਧਨੋਆ ਨੇ ਕਿਹਾ, ‘ਆਈਏਐਫ ਮੁਲਕ ਦੀ ਰੱਖਿਆ ਨੂੰ ਦਰਪੇਸ਼ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਤਿਆਰ ਹੈ। ਪਿਛਲੇ ਇਕ ਸਾਲ ਵਿੱਚ ਆਈਏਐਫ ਨੇ ਆਪਣੀ ਸਮਰੱਥਾ ਨੂੰ ਵਿਕਸਤ ਕਰਦਿਆਂ ਕਈ ਅਪਰੇਸ਼ਨਲ ਮੀਲ ਪੱਥਰ ਸਰ ਕੀਤੇ ਹਨ।’ ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਟਾਕਰੇ ਪੱਖੋਂ ਤਿਆਰ ਬਰ ਤਿਆਰ ਰਹੇ ਅਤੇ ਘੱਟ ਸਮੇਂ ਵਿੱਚ ਕਿਸੇ ਵੀ ਹਾਲਾਤ ਨਾਲ ਸਿੱਝਣ ਲਈ ਆਪਣੇ ਕੰਬੈਟ ਸਿਸਟਮ ਨੂੰ ਵੀ ਤਿਆਰ ਰੱਖੇ। ਹਵਾਈ ਸੈਨਾ ਮੁਖੀ ਨੇ ਕਿਹਾ, ‘36 ਰਾਫਾਲ ਲੜਾਕੂ ਜਹਾਜ਼ਾਂ, ਐਸ-400 ਮਿਜ਼ਾਈਲ ਪ੍ਰਬੰਧ, ਅਪਾਚੇ ਹੈਲੀਕੌਪਟਰਾਂ ਤੇ ਚਿਨੂਕ ਹੈਵੀ ਲਿਫਟ ਹੈਲੀਕੌਪਟਰਾਂ ਦੇ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਿਲ ਹੋਣ ਨਾਲ ਸਾਡੀਆਂ ਸਮਰੱਥਾਵਾਂ ਵਧਣਗੀਆਂ।’ ਉਨ੍ਹਾਂ ਕਿਹਾ ਕਿ ਤੇਜਸ ਹਥਿਆਰਾਂ ਦੀ ਸ਼ਮੂਲੀਅਤ ਆਈਏਐਫ ਦੇ ਵੱਡੇ ਆਧੁਨਿਕ ਪ੍ਰੋਗਰਾਮ ਦਾ ਹਿੱਸਾ ਹੈ।

Facebook Comment
Project by : XtremeStudioz