Close
Menu

ਹਾਫਿਜ਼ ਸਈਦ ਦੀਆਂ ਜਥੇਬੰਦੀਆਂ ਨੂੰ ਮਿਲੀ ਖੁੱਲ੍ਹੀ ਛੁੱਟੀ

-- 14 September,2018

ਇਸਲਾਮਾਬਾਦ, 14 ਸਤੰਬਰ
ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਹਾਫਿਜ਼ ਸਈਦ ਦੀਆਂ ਜਥੇਬੰਦੀਆਂ ਜਮਾਤ-ਉਦ-ਦਾਵਾ ਅਤੇ ਫਾਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਨੂੰ ਮੁਲਕ ’ਚ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਈਦ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇਨਸਾਫ਼ ਅਤੇ ਸਚਾਈ ਦੀ ਜਿੱਤ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਬੁੱਧਵਾਰ ਨੂੰ ਲਾਹੌਰ ਹਾਈ ਕੋਰਟ ਦੇ ਅੰਤਰਿਮ ਹੁਕਮਾਂ ਖਿਲਾਫ਼ ਸਰਕਾਰ ਵੱਲੋਂ ਦਾਖ਼ਲ ਅਪੀਲ ਨੂੰ ਰੱਦ ਕਰ ਦਿੱਤਾ। ਹਾਈ ਕੋਰਟ ਨੇ ਦੋਵੇਂ ਜਥੇਬੰਦੀਆਂ ਨੂੰ ਆਪਣੀਆਂ ਜਾਇਜ਼ ਸਰਗਰਮੀਆਂ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਕੰਪਨੀਆਂ ਅਤੇ ਵਿਅਕਤੀਆਂ ਨੂੰ ਜਮਾਤ-ਉਦ-ਦਾਵਾ ਤੇ ਫਾਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਸਮੇਤ ਹੋਰ ਜਥੇਬੰਦੀਆਂ ਨੂੰ ਦਾਨ ਦੇਣ ’ਤੇ ਪਾਬੰਦੀ ਲਗਾ ਦਿੱਤੀ ਸੀ। ਹਾਫ਼ਿਜ਼ ਦੀਆਂ ਜਥੇਬੰਦੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪਾਬੰਦੀਆਂ ਵਾਲੀ ਸੂਚੀ ’ਚ ਦਰਜ ਹਨ। ਅਧਿਕਾਰੀਆਂ ਮੁਤਾਬਕ ਜਮਾਤ-ਉਦ-ਦਾਵਾ ਵੱਲੋਂ 300 ਮਦਰੱਸੇ, ਸਕੂਲ, ਹਸਪਤਾਲ, ਪਬਲਿਕੇਸ਼ਨ ਹਾਊਸ ਅਤੇ ਐਂਬੂਲੈਂਸ ਸੇਵਾਵਾਂ ਚਲਾਈਆਂ ਜਾਂਦੀਆਂ ਹਨ। ਦੋਵੇਂ ਜਥੇਬੰਦੀਆਂ ਦੇ ਕੁੱਲ ਮਿਲਾ ਕੇ ਕਰੀਬ 50 ਹਜ਼ਾਰ ਵਾਲੰਟੀਅਰ ਹਨ ਅਤੇ ਸੈਂਕੜੇ ਹੋਰਾਂ ਨੂੰ ਤਨਖਾਹ ’ਤੇ ਰੱਖਿਆ ਹੋਇਆ ਹੈ। ਸਈਦ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਦਸੰਬਰ 2008 ’ਚ ਪਾਬੰਦੀ ਲਾਈ ਸੀ ਅਤੇ ਪਿਛਲੇ ਸਾਲ ਨਵੰਬਰ ’ਚ ਉਸ ਨੂੰ ਨਜ਼ਰਬੰਦੀ ਤੋਂ ਰਿਹਾਅ ਕੀਤਾ ਗਿਆ ਸੀ।

Facebook Comment
Project by : XtremeStudioz