Close
Menu
Breaking News:

ਹਿਨਾ ਸਿੱਧੂ ਤੇ ਗਗਨ ਨਾਰੰਗ ਨੇ ਜਰਮਨੀ ’ਚ ਫੁੰਡਿਆ ਸੋਨਾ

-- 15 May,2018

ਹੈਨੋਵਰ (ਜਰਮਨੀ), 15 ਮਈ
ਭਾਰਤੀ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਮਿਊਨਿਖ ਵਿੱਚ ਅਗਲੇ ਹਫ਼ਤੇ ਹੋਣ ਵਾਲੇ ਆਈਐਸਐਸਐਫ ਵਿਸ਼ਵ ਕੱਪ ਤੋਂ ਪਹਿਲਾਂ ਹੈਨੋਵਰ ’ਚ ਕੌਮਾਂਤਰੀ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਮਹਿਲਾਵਾਂ ਦੀ ਦਸ ਮੀਟਰ ਏਅਰ ਪਿਸਟਲ ਮੁਕਾਬਲੇ ’ਚ ਸੋਨ ਤਗ਼ਮਾ ਫੁੰਡਿਆ ਹੈ। ਉਧਰ ਪੀ.ਹਰੀ ਨਿਵੇਤਾ ਦੇ ਹਿੱਸੇ ਕਾਂਸੀ ਆਈ ਹੈ। ਉਧਰ ਪੁਰਸ਼ ਵਰਗ ਵਿੱਚ ਸਰਕਾਰ ਦੀ ਟਾਰਗੇਟ ਓਲੰਪਿਕ ਪੋਡੀਅਮ (ਟੌਪਸ) ਸਕੀਮ ਤੋਂ ਖਰਾਬ ਲੈਅ ਤੇ ਫ਼ਿਟਨੈੱਸ ਦੇ ਚਲਦਿਆਂ ਲਾਂਭੇ ਕੀਤੇ ਸਟਾਰ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਪੁਰਸ਼ਾਂ ਦੀ ਦਸ ਮੀਟਰ ਏਅਰ ਰਾਈਫਲ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਹੈ।
ਹਿਨਾ ਨੇ ਫਾਈਨਲ ਵਿੱਚ ਸ਼ਾਨਦਾਰ ਲੈਅ ਦਾ ਮੁਜ਼ਾਹਰਾ ਕੀਤਾ। ਨਿਸ਼ਾਨੇਬਾਜ਼ ਫਾਈਨਲ ਵਿੱਚ ਫ਼ਰਾਂਸ ਦੀ ਮੈਥਿਲਡੇ ਲਾਮੋਲੇ ਨਾਲ 239.8 ਅੰਕਾਂ ਦੀ ਬਰਾਬਰੀ ’ਤੇ ਸੀ। ਮਗਰੋਂ ਭਾਰਤੀ ਨਿਸ਼ਾਨੇਬਾਜ਼ ਨੇ ਟਾਈਬ੍ਰੇਕਰ ’ਚ ਜਿੱਤ ਦਰਜ ਕਰਦਿਆਂ ਸੋਨ ਤਗ਼ਮਾ ਜਿੱਤਿਆ। 219.2 ਅੰਕਾਂ ਨਾਲ ਨਿਵੇਤਾ ਦੇ ਹਿੱਸੇ ਕਾਂਸੀ ਦਾ ਤਗ਼ਮਾ ਆਇਆ। ਹੀਨਾ ਨੇ ਕੁਆਲੀਫਾਈਂਗ ਗੇੜ ਵਿੱਚ 572 ਅੰਕਾਂ ਨਾਲ ਚੌਥੇ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਥਾਂ ਬਣਾਈ ਜਦੋਂਕਿ ਨਿਵੇਤਾ 582 ਅੰਕਾਂ ਨਾਲ ਸਿਖਰ ’ਤੇ ਰਹਿ ਕੇ ਕੁਆਲੀਫਾਈ ਕੀਤਾ। ਹਿਨਾ ਨੇ ਕਿਹਾ, ‘ਮੇਰੀ ਤਿਆਰੀ ਜਿਸ ਤਰੀਕੇ ਨਾਲ ਚੱਲ ਰਿਹਾ, ਉਸ ਤੋਂ ਮੈਂ ਕਾਫ਼ੀ ਖ਼ੁਸ਼ ਹਾਂ। ਬੇਸ਼ੱਕ ਇਹ ਸਰਵੋਤਮ ਨਹੀਂ ਹੈ, ਪਰ ਅਸੀਂ ਸਹੀ ਦਿਸ਼ਾ ’ਚ ਅੱਗੇ ਵੱਧ ਰਹੇ ਹਾਂ।’
ਵਿਸ਼ਵ ਤੇ ਓਲੰਪਿਕ ਤਗ਼ਮਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਨੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਦੇ ਫਾਈਨਲ ਵਿੱਚ 249.6 ਦੇ ਸਕੋਰ ਨਾਲ ਸੋਨ ਤਗ਼ਮਾ ਫੁੰਡਿਆ। ਨਾਰੰਗ ਦੇ ਦੋ ਅੰਕਾਂ ਦੇ ਫ਼ਰਕ ਨਾਲ ਸਵੀਡਨ ਦੇ ਮਾਰਕਸ ਮੈਡਸੇਨ ਨੂੰ ਸ਼ਿਕਸਤ ਦਿੱਤੀ, ਜਿਸ ਨੇ 247.6 ਦੇ ਸਕੋਰ ਨਾਲ ਚਾਂਦੀ ਜਦੋਂਕਿ ਅਮਰੀਕਾ ਦੇ ਜੌਰਜ ਨਾਰਟਨ ਨੇ 225.9 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਭਾਰਤੀ ਨਿਸ਼ਾਨੇਬਾਜ਼ ਨੇ 622.4 ਦੇ ਸਕੋਰ ਨਾਲ ਚੌਥੇ ਨੰਬਰ ’ਤੇ ਰਹਿੰਦਿਆਂ ਫਾਈਨਲ ਵਿੱਚ ਥਾਂ ਬਣਾਈ ਸੀ। ਯਾਦ ਰਹੇ ਕਿ ਮਿਊਨਿਖ ਆਈਐਸਐਸਐਫ ਵਿਸ਼ਵ ਕੱਪ 22 ਤੋਂ 29 ਮਈ ਦਰਮਿਆਨ ਖੇਡਿਆ ਜਾਵੇਗਾ। ਹੀਨਾ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ’ਚ 25 ਮੀਟਰ ਪਿਸਟਲ ਵਿੱਚ ਸੋਨ ਅਤੇ ਦਸ ਮੀਟਰ ਏਅਰ ਪਿਸਟਲ ’ਚ ਚਾਂਦੀ ਦਾ ਤਗ਼ਮਾ ਫੁੰਡਿਆ ਸੀ। 

Facebook Comment
Project by : XtremeStudioz