Close
Menu

ਹੋਣਹਾਰਾਂ ਦੀ ਭਰਤੀ: ਵਿਰੋਧੀ ਧਿਰ ਵੱਲੋਂ ਆਲੋਚਨਾ, ਨਿਤੀਸ਼ ਨੇ ਕੀਤੀ ਹਮਾਇਤ

-- 12 June,2018

ਨਵੀਂ ਦਿੱਲੀ, ਕੇਂਦਰ ਸਰਕਾਰ ਦੇ ਸੰਯੁਕਤ ਸਕੱਤਰ ਪੱਧਰ ਦੇ ਅਹੁਦਿਆਂ ’ਤੇ ਨਿੱਜੀ ਖੇਤਰ ਵਿੱਚੋਂ ਜ਼ਹੀਨ ਅਤੇ ਉਤਸ਼ਾਹੀ ਵਿਅਕਤੀਆਂ ਦੀ ਨਿਯੁਕਤੀ ਸਬੰਧੀ ਫੈਸਲੇ ਦੀ ਵਿਰੋਧੀ ਪਾਰਟੀਆਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਨੇ ਇਸ ਨੂੰ ਗੰਭੀਰ ਮਾਮਲਾ ਆਖਦਿਆਂ ਦੋਸ਼ ਲਾਇਆ ਕਿ ਇਹ ਮੋਦੀ ਸਰਕਾਰ ਦੀ ਪ੍ਰਸ਼ਾਸਕੀ ਅਸਫਲਤਾ ਦਾ ਨਤੀਜਾ ਹੈ, ਜਦੋਂ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰ ਦੀ ਇਸ ਪਹਿਲ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਤਜਰਬਾ ਹੈ ਤੇ ਇਸ ਦੀ ਲੋੜ ਪੂਰੇ ਮੁਲਕ ਵਿੱਚ ਆਈਏਐਸ ਅਤੇ ਆਈਪੀਐਸ ਅਫਸਰਾਂ ਦੀ ਘਾਟ ਕਾਰਨ ਪਈ ਹੈ।
ਕੇਂਦਰੀ ਮੰਤਰੀ ਸਤਿਆਪਾਲ ਸਿੰਘ ਨੇ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਨਾ ਕੀਤਾ ਜਾਵੇ ਤੇ ਇਸ ਨੂੰ ਸਰਕਾਰ ਵੱਲੋਂ ਚਲਾਏ ਜਾਂਦੇ ਵਿਦਿਅਕ ਅਦਾਰਿਆਂ ਤਕ ਵੀ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਵਿਦਿਅਕ ਸੰਸਥਾਵਾਂ ਦੀ ਸਮੱਰਥਾ ਵਿੱਚ ਸੁਧਾਰ ਹੋਵੇਗਾ। ਸੀਨੀਅਰ ਕਾਂਗਰਸੀ ਆਗੂ ਪੀ ਚਿੰਦਬਰਮ ਨੇ ਕਿਹਾ ਕਿ ਇਸ ਸਕੀਮ ਬਾਰੇ ਕਈ ਗੰਭੀਰ ਖਦਸ਼ੇ ਹਨ ਜਿਨ੍ਹਾਂ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਬਸਪਾ ਮੁਖੀ ਮਾਇਆਵਤੀ ਨੇ ਖਦਸ਼ਾ ਪ੍ਰਗਟਾਇਆ ਕਿ ਇਸ ਨਾਲ ਨੀਤੀਆਂ ਬਣਾਉਣ ਵਿੱਚ ਪੂਜੀਪਤੀਆਂ ਦਾ ਪ੍ਰਭਾਵ ਵਧੇਗਾ। ਇਹ ਇਕ ਖ਼ਤਰਨਾਕ ਰੁਝਾਨ ਹੈ। ਸਾਬਕਾ ਭਾਜਪਾ ਆਗੂ ਯਸ਼ਵੰਤ ਸਿਨਹਾ ਨੇ ਇਸ ਸਕੀਮ ਨੂੰ ਲਾਗੂ ਕਰਨ ਲਈ ਅਪਣਾਏ ਜਾ ਰਹੇ ਤਰੀਕੇ ’ਤੇ ਸਵਾਲ ਉਠਾਏ।
ਸੀਪੀਐਮ ਮੁਖੀ ਸੀਤਾਰਾਮ ਯੇਚੁਰੀ ਅਤੇ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਪੀਐਚਡੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਨਿਲ ਖੇਤਾਨ ਨੇ ਕਿਹਾ ਕਿ ਸਰਕਾਰ ਦੀ ਇਸ ਪਹਿਲ ਨਾਲ ਸਰਕਾਰੀ ਵਿਭਾਗਾਂ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਉਤਪਾਦਨ ਵਧੇਗਾ। 

Facebook Comment
Project by : XtremeStudioz