Close
Menu

ਅਕਸ਼ੈ ਨਹੀਂ ਲੜ ਸਕਣਗੇ ਗੁਰਦਾਸਪੁਰ ਤੋਂ ਭਾਜਪਾ ਦੀ ਚੋਣ

-- 26 May,2017

ਜਲੰਧਰ— ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ ਵਿਨੋਦ ਖੰਨਾ ਦੀ ਮੌਤ ਮਗਰੋਂ ਗੁਰਦਾਸਪੁਰ ਲੋਕ ਸਭਾ ਸੀਟ ਖਾਲੀ ਹੋ ਗਈ ਹੈ ਅਤੇ ਇਸ ਸੀਟ ‘ਤੇ ਆਉਣ ਵਾਲੇ ਸਮੇਂ ‘ਚ ਚੋਣ ਹੋਣੀ ਹੈ। ਇਸ ਚੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿਚ ਕਈ ਆਗੂ ਟਿਕਟ ਹਾਸਿਲ ਕਰਨ ਲਈ ਖੂਬ ਜ਼ੋਰ ਅਜ਼ਮਾਈ ਕਰ ਰਹੇ ਹਨ ਪਰ ਫਿਲਮ ਸਟਾਰ ਅਕਸ਼ੈ ਕੁਮਾਰ ਦੇ ਨਾਂ ਦੀ ਚਰਚਾ ਹੋਣ ਨਾਲ ਕਈ ਭਾਜਪਾ ਆਗੂਆਂ ਦੀ ਖੁਸ਼ੀ ਗ਼ਮ ‘ਚ ਬਦਲ ਗਈ ਸੀ। ਹੁਣ ਇਕ ਵਾਰ ਫਿਰ ਇਨ੍ਹਾਂ ਆਗੂਆਂ ਦੇ ਚਿਹਰਿਆਂ ‘ਤੇ ਰੌਣਕ ਨਜ਼ਰ ਆ ਰਹੀ ਹੈ ਕਿਉਂਕਿ ਅਕਸ਼ੈ ਕੁਮਾਰ ਦੀ ਕੈਨੇਡਾ ਦਾ ਨਾਗਿਰਕ ਹੋਣ ਦੀ ਗੱਲ ਸਾਹਮਣੇ ਆਈ ਹੈ। 
ਜਾਣਕਾਰੀ ਅਨੁਸਾਰ ਭਾਰਤ ‘ਚ ਚੋਣ ਲੜਨ ਲਈ ਕਿਸੇ ਵੀ ਵਿਅਕਤੀ ਦਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ ਪਰ ਜਾਣਕਾਰੀ ਮਿਲੀ ਹੈ ਕਿ ਅਕਸ਼ੈ ਕੁਮਾਰ 2014 ‘ਚ ਕੈਨੇਡਾ ਦੀ ਨਾਗਰਿਕਤਾ ਲੈ ਚੁੱਕੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਵਲੋਂ ਭਾਰਤ ‘ਚ ਕਿਸੇ ਹਲਕੇ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਲੱਗਭਗ ਖਤਮ ਹੋ ਗਈਆਂ ਹਨ। ਭਾਜਪਾ ਵਲੋਂ ਇਸ ਸੀਟ ‘ਤੇ ਪਹਿਲਾਂ ਵੀ ਸਵਰਨ ਸਲਾਰੀਆ ਆਪਣੀ ਦਾਅਵੇਦਾਰੀ ਪ੍ਰਗਟਾਅ ਚੁੱਕੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ‘ਚ ਸਲਾਰੀਆ ਨੇ ਭਾਜਪਾ ਕੋਲੋਂ ਇਸ ਸੀਟ ਲਈ ਟਿਕਟ ਮੰਗੀ ਸੀ ਪਰ ਪਾਰਟੀ ਨੇ ਬਾਅਦ ‘ਚ ਟਿਕਟ ਵਿਨੋਦ ਖੰਨਾ ਨੂੰ ਹੀ ਦੇ ਦਿੱਤੀ ਸੀ। ਹੁਣ ਖੰਨਾ ਦੀ ਮੌਤ ਮਗਰੋਂ ਪਾਰਟੀ ਕੋਲ ਕੋਈ ਜ਼ਿਆਦਾ ਬਦਲ ਨਹੀਂ। 
ਜਾਣਕਾਰੀ ਅਨੁਸਾਰ ਉਪਰੋਕਤ ਸੀਟ ਲਈ ਸਲਾਰੀਆ ਦੇ ਨਾਲ-ਨਾਲ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਵੀ ਟਿਕਟ ਦੇ ਚਾਹਵਾਨ ਹਨ। ਪਾਰਟੀ ਇਨ੍ਹਾਂ ਦੋਹਾਂ ਆਗੂਆਂ ‘ਚੋਂ ਕਿਸ ਨੂੰ ਚੁਣਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ ਪਰ ਇਹ ਗੱਲ ਸਪੱਸ਼ਟ ਹੈ ਕਿ ਇਸ ਸੀਟ ਨੂੰ ਜਿੱਤਣਾ ਭਾਜਪਾ ਲਈ ਬਹੁਤ ਜ਼ਰੂਰੀ ਹੈ।

Facebook Comment
Project by : XtremeStudioz