Close
Menu

ਅਕਾਲੀ ਦਲ ਵੱਲੋਂ ਕਾਂਗਰਸ ਦੀਆਂ ਵਧੀਕੀਆਂ ਖ਼ਿਲਾਫ਼ ਅੰਦੋਲਨ ਵਿੱਢਣ ਦਾ ਐਲਾਨ

-- 21 July,2017

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਨੇ ਅੱਜ ਫ਼ੈਸਲਾ ਕੀਤਾ ਹੈ ਕਿ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ ’ਤੇ ਢਾਹੇ ਜਾ ਰਹੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ‘ਜਬਰ ਵਿਰੋਧੀ ਲਹਿਰ’ ਆਰੰਭੀ ਜਾਵੇਗੀ। ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਐਸਵਾਈਐਲ ਮੁੱਦੇ ’ਤੇ ਪੰਜਾਬ ਦੇ ਹਿੱਤਾਂ ਨਾਲ ਸੌਦੇਬਾਜ਼ੀ ਨਾ ਕਰਨ।
ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਪੀਏਸੀ ਦੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ 25 ਜੁਲਾਈ ਨੂੰ ਡੇਰਾ ਬਾਬਾ ਨਾਨਕ ਤੋਂ ਜਬਰ ਵਿਰੋਧੀ ਲਹਿਰ ਦਾ ਆਗਾਜ਼ ਕਰਨਗੇ ਅਤੇ ਕਾਂਗਰਸ ਦੀਆਂ ਜ਼ਿਆਦਤੀਆਂ ਦੇ ਸ਼ਿਕਾਰ ਹੋਏ ਪਰਿਵਾਰਾਂ ਨੂੰ ਮਿਲਣ ਲਈ ਸੂਬੇ ਦਾ ਚੱਕਰ ਲਾਉਣਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਵੱਲੋਂ ਅਕਾਲੀਆਂ ਉੱਤੇ ਕਰਵਾਈਆਂ ਜਾ ਰਹੀਆਂ ਕਥਿਤ ਜ਼ਿਆਦਤੀਆਂ ਰੁਕਵਾਉਣ ਲਈ ਪਾਰਟੀ ਜਨ ਅੰਦੋਲਨ ਸ਼ੁਰੂ ਕਰੇਗੀ। ਐਸਵਾਈਐਲ ਮੁੱਦੇ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸੀ ਹਕੂਮਤ ਦੌਰਾਨ ਪੰਜਾਬ ਦੇ ਦਰਿਆਵਾਂ ਦਾ ਪਾਣੀ ਖੋਹ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਹੈ ਅਤੇ ਐਸਵਾਈਐਲ ਨਹਿਰ ਉਸਾਰਨ ਦਾ ਹੁਣ ਕੋਈ ਮਤਲਬ ਨਹੀਂ ਰਹਿ  ਗਿਆ ਹੈ। ਪੀਏਸੀ ਨੇ ਇਸ ਬਾਰੇ ਇੱਕ ਮਤਾ ਪਾਸ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਕਿ ਉਹ ਹਰਿਆਣਾ ਨਾਲ ਅਜਿਹਾ ਕੋਈ ਵੀ ਸਮਝੌਤਾ ਕਰਨ ਲਈ ਸਹਿਮਤ ਨਾ ਹੋਣ, ਜਿਸ ਨਾਲ ਪੰਜਾਬ ਤੋਂ ਪਾਣੀ ਦਾ ਇੱਕ ਵੀ ਤੁਪਕਾ ਬਾਹਰ ਜਾਂਦਾ ਹੋਵੇ। ਸਾਬਕਾ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਮਹੀਨੇ ਵਿੱਚ ਦੋ ਵਾਰ ਦੋ ਦਿਨ ਲਈ ਪਾਰਟੀ ਦਫ਼ਤਰ ਵਿੱਚ ਅਕਾਲੀ ਵਰਕਰਾਂ ਦੀ ਸ਼ਿਕਾਇਤਾਂ ਸੁਣਿਆ ਕਰਨਗੇ। ਇਸ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਪਹਿਲਾਂ 1-2 ਅਗਸਤ ਅਤੇ ਫਿਰ 16-17 ਅਗਸਤ ਨੂੰ ਕੀਤੀ ਜਾਵੇਗੀ।
ਪੀਏਸੀ ਨੇ  ਕਾਂਗਰਸ ਸਰਕਾਰ ਵੱਲੋਂ ਬੇਅਦਬੀ ਕੇਸਾਂ ਅਤੇ ਝੂਠੇ ਕੇਸਾਂ ਦੀ ਜਾਂਚ ਲਈ ਬਣਾਏ ਦੋਵੇਂ ਕਮਿਸ਼ਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਭਰੋਸੇਯੋਗਤਾ ਇਸ ਗੱਲੋਂ ਵੀ ਖ਼ਤਮ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਰਹੇ ਹਨ ਕਿ ਇਹ ਦੋਵੇਂ ਕਮਿਸ਼ਨ ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ ਦੋਸ਼ੀ ਪਾਉਣਗੇ। ਇਨ੍ਹਾਂ ਕਮਿਸ਼ਨਾਂ ਨੂੰ ਤੁਰੰਤ ਭੰਗ ਕਰ ਦੇਣਾ ਚਾਹੀਦਾ ਹੈ।
ਇੱਕ ਹੋਰ ਮਤੇ ਵਿੱਚ ਪੀਏਸੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਜਮਾਤ ਤੋਂ ਪੀਐੱਚਡੀ ਤਕ ਲੜਕੀਆਂ ਨੂੰ ਮੁਫ਼ਤ ਸਿੱਖਿਆ ਦੇਣ ਸਬੰਧੀ ਕੈਬਨਿਟ ਵੱਲੋਂ ਫ਼ੈਸਲਾ ਲਏ ਜਾਣ ਦੇ ਬਾਵਜੂਦ ਸਰਕਾਰੀ ਕਾਲਜਾਂ ਵਿੱਚ ਅਜੇ ਵੀ ਵਿਦਿਆਰਥਣਾਂ ਨੂੰ ਫ਼ੀਸ ਭਰਨੀ ਪੈ ਰਹੀ ਹੈ।
ਮੀਟਿੰਗ ਵਿੱਚ ਬਲਵਿੰਦਰ ਸਿੰਘ ਭੂੰਦੜ, ਐੱਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਨਿਰਮਲ ਸਿੰਘ ਕਾਹਲੋਂ, ਚਰਨਜੀਤ ਸਿੰਘ ਅਟਵਾਲ, ਅਜੀਤ ਸਿੰਘ ਕੋਹਾੜ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਸੇਵਾ ਸਿੰਘ ਸੇਖਵਾਂ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਸ਼ਰਨਜੀਤ ਸਿੰਘ ਢਿੱਲੋਂ ਅਤੇ ਬਲਦੇਵ ਸਿੰਘ ਮਾਨ ਹਾਜ਼ਰ ਸਨ।

Facebook Comment
Project by : XtremeStudioz