Close
Menu

ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਨੂੰ ਮੰਗਲਵਾਰ ਤੱਕ ਅਲਟੀਮੇਟਮ

-- 22 May,2017

ਅੰਮ੍ਰਿਤਸਰ, ਮਜੀਠਾ ਵਿੱਚ ਸਾਬਕਾ ਮੰਤਰੀ ਅਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਵਾਹਨ ’ਤੇ ਹਮਲੇ ਤੋਂ ਬਾਅਦ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਇੰਚਾਰਜ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਅਗਵਾਈ ਹੇਠ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਅਤੇ ਦਿਹਾਤੀ ਦੀ ਸਾਂਝੀ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਅਕਾਲੀ ਆਗੂਆਂ ਨੇ ਕਾਂਗਰਸ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਮੰਗਲਵਾਰ ਤੱਕ ਦਲਿਤ ਪਰਿਵਾਰ ਨੂੰ ਨਿਆਂ ਨਾ ਮਿਲਿਆ ਅਤੇ ਦੋਸ਼ੀ ਗ੍ਰਿਫ਼ਤਾਰ ਨਾ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਵਧੀਕੀ ਖ਼ਿਲਾਫ਼ ਸੰਘਰਸ਼ ਸ਼ੁਰੂ ਕਰੇਗਾ।
ਮੀਟਿੰਗ ਵਿੱਚ ਸ੍ਰੀ ਮਜੀਠੀਆ ਨੇ ਆਖਿਆ ਕਿ ਕਾਂਗਰਸੀਆਂ ਵੱਲੋਂ ਮਜੀਠਾ ਹਲਕੇ ਵਿੱਚ ਅਕਾਲੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਸ਼ਮੀਰ ਸਿੰਘ ਦੇ ਦਲਿਤ ਪਰਿਵਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਨਾਲ ਕੀਤੀ ਵਧੀਕੀ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ। ਉਸ ਨੂੰ ਨਿਆਂ ਨਾ ਮਿਲਣਾ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਬੀਤੇ ਦਿਨ ਮਜੀਠਾ ਵਿੱਚ ਏਡੀਜੀਪੀ ਦੀ ਹਾਜ਼ਰੀ ਵਿੱਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਅਤੇ ਆਖਿਆ ਕਿ ਪੁਲੀਸ ਅਧਿਕਾਰੀ ਦੀ ਹਾਜ਼ਰੀ ਵਿੱਚ ਕਾਂਗਰਸੀਆਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਮੀਟਿੰਗ ਦੌਰਾਨ ਅਜੀਤ ਸਿੰਘ ਕੋਹਾੜ ਸਮੇਤ ਹੋਰ ਬੁਲਾਰਿਆਂ ਨੇ ਦਲਿਤ ਸਿੱਖ ਪਰਿਵਾਰ ਤੇ ਅਕਾਲੀਆਂ ਨਾਲ ਹੋ ਰਹੀਆਂ ਵਧੀਕੀਆਂ ਦੀ ਨਿੰਦਾ ਕੀਤੀ।
ਮੀਟਿੰਗ ਮਗਰੋਂ ਪੱਤਰਕਾਰ ਸੰਮੇਲਨ ਵਿੱਚ ਅਕਾਲੀ ਆਗੂਆਂ ਨੇ ਆਖਿਆ ਕਿ ਦਲਿਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦਲਿਤ ਵਿਧਾਇਕਾਂ ਅਤੇ ਆਗੂਆਂ ਦੀ ਭਲਕੇ ਜਲੰਧਰ ਵਿੱਚ ਮੀਟਿੰਗ ਸੱਦੀ ਗਈ ਹੈ। ਮੀਟਿੰਗ ਬਾਅਦ ਅਕਾਲੀ ਆਗੂ ਡੀਜੀਪੀ ਨਾਲ ਵੀ ਮੁਲਾਕਾਤ ਕਰਨਗੇ। ਅਕਾਲੀ ਆਗੂਆਂ ਨੇ ਆਖਿਆ ਕਿ ਦਲਿਤ ਸਿੱਖ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕੀਤੀ ਜਾ ਰਹੀ ਹੈ। ਸਿੱਖੀ ਸਰੂਪ ਦੀ ਬੇਅਦਬੀ ਦੇ ਮਾਮਲੇ ਵਿੱਚ ਅਕਾਲ ਤਖ਼ਤ ਕੋਲ ਪਹੁੰਚ ਕੀਤੀ ਜਾਵੇਗੀ। ਇਸ ਮੌਕੇ ਅਜੀਤ ਸਿੰਘ ਕੋਹਾੜ ਸਮੇਤ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਅਮਰਪਾਲ ਸਿੰਘ ਬੋਨੀ, ਹਰਮੀਤ ਸੰਧੂ, ਵੀਰ ਸਿੰਘ ਲੋਪੋਕੇ, ਮਲਕੀਤ ਸਿੰਘ ਏਆਰ ਹਾਜ਼ਰ ਸਨ।
ਲਾਲੀ ਮਜੀਠੀਆ ਨੇ ਦੋਸ਼ ਨਕਾਰੇ
ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਅੱਜ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਕਿ ਬੀਤੇ ਦਿਨ ਮਜੀਠਾ ’ਚ ਸੱਦੀ ਗਈ ਪੁਲੀਸ ਪਬਲਿਕ ਮੀਟਿੰਗ ਵਿਚ ਸਿਰਫ ਕਾਂਗਰਸੀ ਆਗੂ ਤੇ ਵਰਕਰ ਸ਼ਾਮਲ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੀਟਿੰਗ ਵਿੱਚ ਮਜੀਠੇ ਦੇ ਲੋਕ ਸ਼ਾਮਲ ਸਨ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ। ਸ੍ਰੀ ਲਾਲੀ ਮਜੀਠੀਆ ਨੇ ਕਿਹਾ ਕਿ ਸਾਬਕਾ ਅਕਾਲੀ ਮੰਤਰੀ ਨੇ ਪਿਛਲੇ ਸਮੇਂ ਦੌਰਾਨ ਜੋ ਬੀਜਿਆ ਸੀ, ਉਸੇ ਦਾ ਫਲ ਕੱਲ੍ਹ ਉਸ ਦੀ ਝੋਲੀ ਵਿਚ ਪਿਆ ਹੈ। ਇਸ ਜਨਤਕ ਰੋਹ ਨੂੰ ਸਿਆਸੀ ਵਿਰੋਧ ਦੇ ਨਾਂ ਨਾਲ ਜੋੜਨਾ ਜਾਇਜ਼ ਨਹੀਂ ਹੈ।

Facebook Comment
Project by : XtremeStudioz