Close
Menu

ਅਕਾਲੀ ਦਲ ਵੱਲੋਂ ਜਬਰ ਵਿਰੋਧੀ ਲਹਿਰ ਦੇ ਪ੍ਰੋਗਰਾਮ ਦਾ ਐਲਾਨ

-- 21 July,2017

ਚੰਡੀਗੜ੍ਹ,ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ਵੱਲੋਂ ਕੀਤੇ ਐਲਾਨ ਮੁਤਾਬਕ 25 ਜੁਲਾਈ ਤੋਂ ਜਬਰ ਵਿਰੋਧੀ ਲਹਿਰ ਤਹਿਤ ਪਹਿਲੇ ਪੜਾਅ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਲ ਦੇ ਪ੍ਰਧਾਨ ਸੁਖਬੀਰ ਬਾਦਲ 25 ਜੁਲਾਈ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਪੀੜਤ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣਗੇ। 26 ਜੁਲਾਈ ਨੂੰ ਸ੍ਰੀ ਬਾਦਲ ਹਲਕਾ ਕਾਦੀਆਂ ਦੇ ਪਿੰਡਾਂ ਦਾ ਦੌਰਾ ਕਰਕੇ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨਗੇ। ਇਸੇ ਤਰ੍ਹਾਂ, 27 ਜੁਲਾਈ ਨੂੰ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ 28 ਜੁਲਾਈ ਨੂੰ ਗੁਰਦਾਸਪੁਰ ਦੇ ਵਰਕਰਾਂ ਨਾਲ ਮੁਲਕਾਤ ਕੀਤੀ ਜਾਵੇਗੀ।
ਪਹਿਲੇ ਪੜਾਅ ਦੇ ਆਖ਼ਰੀ ਦਿਨ ਪਹਿਲੀ ਅਗਸਤ ਨੂੰ ਸੁਖਬੀਰ ਬਾਦਲ ਬਟਾਲਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਨਗੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਸਤ ਵਿੱਚ ਤਿੰਨ ਵੱਡੀਆਂ ਸਾਲਾਨਾ ਇਤਿਹਾਸਕ ਕਾਨਫਰੰਸਾਂ ਦੇ ਪ੍ਰੋਗਰਾਮ ਵੀ ਉਲੀਕੇ ਗਏ ਹਨ, ਜਿਨ੍ਹਾਂ ਵਿੱਚ 7 ਅਗਸਤ ਨੂੰ ਬਾਬਾ ਬਕਾਲਾ ਦੀ ਰੱਖੜ ਪੁੰਨਿਆ ਦੇ ਜੋੜ ਮੇਲੇ ਮੌਕੇ ਹੋਣ ਵਾਲੀ ਕਾਨਫਰੰਸ, 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਜੱਦੀ ਪਿੰਡ ਈਸੜੂ ਵਿੱਚ ਹੋਣ ਵਾਲੀ ਸਾਲਾਨਾ ਕਾਨਫਰੰਸ ਅਤੇ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ       ਸਾਲਾਨਾ ਬਰਸੀ ਪਿੰਡ ਲੌਂਗੋਵਾਲ ਵਿੱਚ ਮਨਾਈ ਜਾਵੇਗੀ।

Facebook Comment
Project by : XtremeStudioz