Close
Menu

ਅਗਵਾ ਭਾਰਤੀਆਂ ਬਾਰੇ ਇਰਾਕੀ ਮੰਤਰੀ ਨਾਲ ਗੱਲਬਾਤ ਕਰਨਗੇ ਸੁਸ਼ਮਾ

-- 25 July,2017

ਨਵੀਂ ਦਿੱਲੀ,  ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਇਰਾਕੀ ਹਮਰੁਤਬਾ ਇਬ੍ਰਾਹਿਮ ਅਲ ਜਾਫਰੀ ਨਾਲ ਕੱਲ੍ਹ ਵਿਆਪਕ ਗੱਲਬਾਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਗੱਲਬਾਤ ਦਾ ਕੇਂਦਰ ਤਿੰਨ ਵਰ੍ਹੇ ਪਹਿਲਾਂ ਆਈਐਸਆਈਐਸ ਵੱਲੋਂ ਮੌਸੂਲ ਸ਼ਹਿਰ ਵਿਚੋਂ ਅਗਵਾ ਕੀਤੇ 39 ਭਾਰਤੀਆਂ ਦਾ ਮਾਮਲਾ ਰਹੇਗਾ।
ਜ਼ਿਕਰਯੋਗ ਹੈ ਕਿ ਅਲ ਜਾਫ਼ਰੀ 24 ਤੋਂ 28 ਜੁਲਾਈ ਤਕ ਭਾਰਤ ਦੇ ਦੌਰੇ ’ਤੇ ਰਹਿਣਗੇ। ਉਨ੍ਹਾਂ ਦਾ ਇਹ ਦੌਰਾ ਇਰਾਕੀ ਪ੍ਰਧਾਨ ਮੰਤਰੀ ਹੈਦਰ ਅਲ ਆਬਦੀ ਵੱਲੋਂ ਮੌਸੂਲ ਨੂੰ ਆਈਐਸਆਈਐਸ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਲੈਣ ਦੇ ਐਲਾਨ ਦੇ ਦੋ ਹਫ਼ਤਿਆਂ ਬਾਅਦ ਹੋ ਰਿਹਾ ਹੈ।
ਗੱਲਬਾਤ ਦੌਰਾਨ ਦੋਵਾਂ ਪਾਸਿਓਂ ਦੁਪਾਸੜ ਸਬੰਧਾਂ ਤਹਿਤ ਊਰਜਾ ਅਤੇ ਵਪਾਰ ਦੇ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਰਾਕ ਭਾਰਤ ਨੂੰ ਕੱਚਾ ਤੇਲ ਦੇਣ ਵਾਲਾ ਮੁੱਖ ਸਪਲਾਇਰ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਲ ਜਾਫ਼ਰੀ ਦੇ ਦੌਰੇ ਦੌਰਾਨ ਦੋਵੇਂ ਮੁਲਕ ਵਿਆਪਕ ਦੁਪਾਸੜ ਸਮਝੌਤਿਆਂ ਦੇ ਨਾਲ ਨਾਲ ਆਪਸੀ ਹਿੱਤਾਂ ਦੇ ਪ੍ਰਾਂਤਕ ਅਤੇ ਕੌਮਾਂਤਰੀ ਮੁੱਦਿਆਂ ’ਤੇ ਵੀ ਚਰਚਾ ਕਰਨਗੇ। ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਸ ਦੌਰੇ ਨਾਲ ਦੋਵਾਂ ਮੁਲਕਾਂ ਵਿਚਾਲੇ ਸਾਂਝੇ ਹਿੱਤਾਂ ਸਬੰਧੀ ਦੁਪਾਸੜ ਸਮਝੌਤਿਆਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਸ੍ਰੀਮਤੀ ਸਵਰਾਜ ਨੇ ਕਿਹਾ ਕਿ ਮੌਸੂਲ ਦੀ ਆਜ਼ਾਦੀ ਨਾਲ ਅਗਵਾ ਕੀਤੇ ਭਾਰਤੀਆਂ ਸਬੰਧੀ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਵਧ ਗਈ ਹੈ। ਉਨ੍ਹਾਂ ਨੇ ਅਗਵਾ ਹੋਏ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਬੀਤੇ ਹਫ਼ਤੇ ਮੀਟਿੰਗ ਕੀਤੀ ਸੀ। ਇਰਾਕ ਦੇ ਪ੍ਰਧਾਨ ਮੰਤਰੀ ਵੱਲੋਂ ਮੌਸੂਲ ਨੂੰ ਆਜ਼ਾਦ ਕਰਵਾ ਲੈਣ ਦੇ ਐਲਾਨ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੂੰ ਇਰਾਕ ਭੇਜਿਆ ਗਿਆ ਸੀ। ਸ੍ਰੀਮਤੀ ਸਵਰਾਜ ਨੇ ਪੀੜਤ ਪਰਿਵਾਰਾਂ ਨੂੰ ਦੱਸਿਆ ਸੀ ਕਿ ਇਰਾਕੀ ਅਧਿਕਾਰੀ ਨੇ ਖੁਫੀਆ ਸੂਤਰਾਂ ਦੇ ਹਵਾਲੇ ਨਾਲ ਸ੍ਰੀ ਸਿੰਘ ਨੂੰ ਦੱਸਿਆ ਸੀ ਕਿ ਅਗਵਾ ਕੀਤੇ ਭਾਰਤੀਆਂ ਨੂੰ ਬਦੂਸ਼ ਜੇਲ੍ਹ ਵਿੱਚ ਲਿਜਾਣ ਤੋਂ ਪਹਿਲਾਂ ਇਕ ਉਸਾਰੀ ਅਧੀਨ ਹਸਪਤਾਲ ਅਤੇ ਮਗਰੋਂ ਫਾਰਮ ਵਿੱਚ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਲ ਜਾਫਰੀ ਅਗਵਾ ਹੋਏ ਭਾਰਤੀਆਂ ਬਾਰੇ ਤਾਜ਼ੀ ਜਾਣਕਾਰੀ ਲਿਆਉਣਗੇ।

Facebook Comment
Project by : XtremeStudioz