Close
Menu

ਅਤਿਵਾਦ ਨੂੰ ਜਵਾਬ ਦੇਣ ਲਈ ਮੋਦੀ ਦਾ ਜਿੱਤਣਾ ਜ਼ਰੂਰੀ: ਸ਼ਾਹ

-- 21 April,2019

ਬੰਗਲੌਰ, 21 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦੇਸ਼ ਨੂੰ ਸੁਰੱਖਿਅਤ ਬਣਾਉਣ ਅਤੇ ਪਾਕਿਸਤਾਨ ਤੇ ਅਤਿਵਾਦ ਨੂੰ ਜਵਾਬ ਦੇਣ ਲਈ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਸ਼ਾਹ ਨੇ ਸ਼ਿਮੋਗਾ ਤੋਂ ਪਾਰਟੀ ਦੇ ਉਮੀਦਵਾਰ ਬੀ ਵਾਈ ਰਾਘਵੇਂਦਰ ਦੇ ਹੱਕ ’ਚ ਭਦਰਾਵਤੀ ’ਚ ਕਰਵਾਏ ਗਏ ਰੋਡ ਸ਼ੋਅ ਦੌਰਾਨ ਇਹ ਗੱਲ ਕਹੀ।
ਰਾਘਵੇਂਦਰ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਬੀਐੱਸ ਯੇਦੀਯੁਰੱਪਾ ਦੇ ਪੁੱਤਰ ਹਨ ਤੇ ਉਹ ਜਨਤਾ ਦਲ (ਐੱਸ) ਦੇ ਉਮੀਦਵਾਰ ਦੇ ਸਾਬਕਾ ਮੁੱਖ ਮੰਤਰੀ ਐੱਸ ਬੰਗਾਰੱਪਾ ਦੇ ਪੁੱਤਰ ਮਧੂ ਬੰਗਾਰੱਪਾ ਨੂੰ ਚੁਣੌਤੀ ਦੇ ਰਹੇ ਹਨ। ਸ਼ਾਹ ਨੇ ਕਿਹਾ, ‘ਇਹ ਚੋਣਾਂ ਰਾਘਵੇਂਦਰ ਨੂੰ ਸੰਸਦ ਮੈਂਬਰ ਬਣਾਉਣ ਲਈ ਹੀ ਨਹੀਂ ਬਲਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਵੀ ਹਨ।’ ਉਨ੍ਹਾਂ ਕਿਹਾ, ‘ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਇਸ ਲਈ ਬਣਨਾ ਚਾਹੀਦਾ ਹੈ ਤਾਂ ਜੋ ਦੇਸ਼ ਸੁਰੱਖਿਅਤ ਰਹੇ, ਅਤਿਵਾਦ ਤੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਮਿਲ ਸਕੇ।’
ਸ਼ਾਹ ਖੁਦ ਗੁਜਰਾਤ ਦੇ ਗਾਂਧੀਨਗਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ ਅਤੇ ਉਥੇ 23 ਅਪਰੈਲ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਉਹ ਰਾਘਵੇਂਦਰ ਦੀ ਜਿੱਤ ਪੱਕੀ ਕਰਨ ਲਈ ਇੱਥੇ ਆਏ ਹਨ। ਰਾਘਵੇਂਦਰ ਸ਼ਿਮੋਗਾ ਤੋਂ ਮੌਜੂਦਾ ਸੰਸਦ ਮੈਂਬਰ ਹਨ। ਲੰਘੇ ਨਵੰਬਰ ਮਹੀਨੇ ਹੋਈ ਉੱਪ ਚੋਣ ’ਚ ਉਹ ਸੱਤਾਧਾਰੀ ਕਾਂਗਰਸ-ਜਨਤਾ ਦਲ (ਐੱਸ) ਦੇ ਉਮੀਦਵਾਰ ਨੂੰ ਹਰਾ ਚੁੱਕੇ ਹਨ। ਇਸ ਸੀਟ ’ਤੇ 23 ਅਪਰੈਲ ਨੂੰ ਵੋਟਾਂ ਪੈਣਗੀਆਂ ਅਤੇ ਇੱਥੋਂ 12 ਉਮੀਦਵਾਰ ਜ਼ੋਰ ਅਜ਼ਮਾਈ ਕਰ ਰਹੇ ਹਨ।

Facebook Comment
Project by : XtremeStudioz