Close
Menu

ਅਨਮੋਲ ਵਸਤੂ

-- 12 April,2017

ਬਾਲ ਕਹਾਣੀ
ਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇੱਕ ਰਾਜਾ ਸੀ। ਉਸਦਾ ਰਾਜ ਪ੍ਰਬੰਧ ਬੜਾ ਹੀ ਵਧੀਆ ਸੀ। ਇਸ ਲਈ ਰਾਜ ਦੀ ਸਾਰੀ ਪਰਜਾ ਬਹੁਤ ਖ਼ੁਸ਼ ਸੀ। ਰਾਜ ਵਿੱਚ ਅਮਨ ਸ਼ਾਂਤੀ ਸੀ। ਰਾਜੇ ਦੀ ਇਕਲੌਤੀ ਬੇਟੀ ਸੀ। ਉਹ ਬਹੁਤ ਲਾਡਲੀ ਤੇ ਖ਼ੂਬਸੂਰਤ ਸੀ। ਜਦੋਂ ਉਹ ਵਿਆਹੁਣਯੋਗ ਹੋਈ ਤਾਂ ਰਾਜੇ ਨੇ ਉਸਨੂੰ ਆਪ ਵਰ ਚੁਣਨ ਲਈ ਕਿਹਾ, ਪਰ ਰਾਜਕੁਮਾਰੀ ਨੇ ਕਿਹਾ ‘ਪਿਤਾ ਜੀ! ਤੁਸੀਂ ਮੇਰੇ ਲਈ ਜੋ ਵੀ ਵਰ ਚੁਣੋਗੇ, ਮੈਂ ਸਵੀਕਾਰ ਕਰਾਂਗੀ।’
ਰਾਜੇ ਨੇ ਰਾਜਕੁਮਾਰੀ ਲਈ ਯੋਗ ਵਰ ਲੱਭਣ ਲਈ ਆਪਣੇ ਮੰਤਰੀਆਂ ਅਤੇ ਦਰਬਾਰੀਆਂ ਨਾਲ ਸਲਾਹ ਮਸ਼ਵਰਾ ਕੀਤਾ। ਆਖ਼ਿਰ ਰਾਜੇ ਨੇ ਐਲਾਨ ਕੀਤਾ। ‘ਜੋ ਵੀ ਗੱਭਰੂ ਮੇਰੇ ਲਈ ਤਿੰਨ ਅਨਮੋਲ ਵਸਤੂਆਂ ਲਿਆਵੇਗਾ, ਮੈਂ ਆਪਣੀ ਰਾਜਕੁਮਾਰੀ ਦਾ ਹੱਥ ਉਸਨੂੰ ਫੜਾ ਦਿਆਗਾਂ।’
ਸਾਰੇ ਰਾਜ ਵਿੱਚ ਰਾਜਕੁਮਾਰੀ ਦੇ ਵਿਆਹ ਦੀ ਚਰਚਾ ਹੋਣ ਲੱਗੀ। ਗੁਆਂਢੀ ਰਾਜਾਂ ਵਿੱਚ ਇਹ ਖ਼ਬਰ ਪਹੁੰਚ ਗਈ। ਹੁਣ ਲੋਕਾਂ ਨੂੰ ਇੰਤਜ਼ਾਰ ਸੀ, ਕਦੋਂ ਰਾਜਕੁਮਾਰੀ ਨੂੰ ਯੋਗ ਵਰ ਮਿਲਦਾ ਹੈ? ਰੋਜ਼ਾਨਾ ਦਰਬਾਰ ਵਿੱਚ ਗੱਭਰੂ ਅਨਮੋਲ ਵਸਤੂਆਂ ਲੈ ਕੇ ਆਉਂਦੇ, ਪਰ ਰਾਜੇ ਨੂੰ ਕੋਈ ਪਸੰਦ ਨਾ ਆਉਂਦੀ। ਕੋਈ ਰਾਜਕੁਮਾਰ ਹੀਰੇ, ਜਵਾਹਰਾਤ ਲੈ ਕੇ ਹਾਜ਼ਰ ਹੁੰਦਾ। ਕੋਈ ਸੋਨੇ ਦੇ ਗਹਿਣੇ ਲਿਆਉਂਦਾ, ਪਰ ਰਾਜੇ ਨੂੰ ਇਹ ਸਭ ਮਾਮੂਲੀ ਲੱਗਦਾ।
ਦਿਨ ਲੰਘਦੇ ਗਏ। ਰਾਜਾ ਵੀ ਪ੍ਰੇਸ਼ਾਨ ਰਹਿਣ ਲੱਗਾ। ਰਾਜ ਦੀ ਜਨਤਾ ਵੀ ਹੈਰਾਨ ਸੀ ਕਿ ਆਖ਼ਿਰ ਦੁਨੀਆਂ ਵਿੱਚ ਕਿਹੜੀ ਵਸਤੂ ਅਨਮੋਲ ਹੈ। ਰਾਜਕੁਮਾਰੀ ਸ਼ਾਂਤ ਸੀ। ਉਸਨੂੰ ਆਪਣੇ ਪਿਤਾ ’ਤੇ ਪੂਰਾ ਯਕੀਨ ਸੀ। ਉਹ ਜਾਣਦੀ ਸੀ ਕਿ ਇੱਕ ਦਿਨ ਕੋਈ ਗੱਭਰੂ ਜ਼ਰੂਰ ਆਵੇਗਾ ਜੋ ਇਹ ਸ਼ਰਤ ਪੂਰੀ ਕਰੇਗਾ।
ਇੱਕ ਦਿਨ ਦਰਬਾਰ ਵਿੱਚ ਸਾਧਾਰਨ ਜਿਹਾ ਕਿਸਾਨ ਦਾ ਪੁੱਤਰ ਆਇਆ। ਉਸਨੇ ਆਖਿਆ ਕਿ ਉਸ ਕੋਲ ਤਿੰਨ ਅਨਮੋਲ ਵਸਤੂਆਂ ਹਨ। ਸਾਰੇ ਦਰਬਾਰੀਆਂ ਨੇ ਉਸ ਗੱਭਰੂ ਨੂੰ ਧਿਆਨ ਨਾਲ ਦੇਖਿਆ। ਉਸਦਾ ਪਹਿਰਾਵਾਂ ਵੀ ਸਾਧਾਰਨ ਸੀ। ਉਸਦਾ ਸਰੀਰ ਮਜ਼ਬੂਤ ਤੇ ਕਸਰਤੀ ਸੀ ਜੋ ਕਾਫ਼ੀ ਮਿਹਨਤੀ ਲੱਗਦਾ ਸੀ। ਦਰਬਾਰੀਆਂ ਨੇ ਉਸਨੂੰ ਰਾਜੇ ਅੱਗੇ ਲੈ ਆਂਦਾ। ਰਾਜਾ ਵੀ ਹੈਰਾਨ ਸੀ ਕਿਉਂਕਿ ਗੱਭਰੂ ਕੋਲ ਸਿਰਫ਼ ਇੱਕ ਪੋਟਲੀ ਸੀ।
ਰਾਜਾ ਤੇ ਮੰਤਰੀ ਸੋਚ ਰਹੇ ਸਨ ਕਿ ਆਖ਼ਿਰ ਇਸ ਪੋਟਲੀ ਵਿੱਚ ਕੀ ਹੋ ਸਕਦਾ ਹੈ? ਰਾਜੇ ਨੇ ਗੱਭਰੂ ਨੂੰ ਅਨਮੋਲ ਵਸਤੂਆਂ ਪੇਸ਼ ਕਰਨ ਲਈ ਕਿਹਾ। ਗੱਭਰੂ ਨੇ ਪੋਟਲੀ ਖੋਲ੍ਹੀ ਤੇ ਮਿੱਟੀ ਦੀ ਮੁੱਠ ਭਰ ਲਈ।
‘ਮਹਾਰਾਜ! ਇਹ ਮਿੱਟੀ ਹੈ। ਇਹ ਸਾਡੀ ਧਰਤੀ ਮਾਂ ਹੈ ਜੋ ਸਾਨੂੰ ਆਪਣੀ ਗੋਦ ਵਿੱਚ ਥਾਂ ਦਿੰਦੀ ਹੈ। ਇਸ ਵਿੱਚ ਅੰਨ ਪੈਦਾ ਹੁੰਦਾ ਹੈ। ਅੰਨ ਸਾਨੂੰ ਜੀਵਨ ਦਿੰਦਾ ਹੈ। ਮਿੱਟੀ ਤੋਂ ਬਿਨਾਂ ਮਨੁੱਖ ਦੀ ਹੋਂਦ ਅਸੰਭਵ ਹੈ। ਇਸ ਲਈ ਇਹ ਅਨਮੋਲ ਹੈ।’ ਰਾਜਾ ਖ਼ੁਸ਼ ਹੋ ਗਿਆ। ਮੰਤਰੀਆਂ ਨੇ ਤਾੜੀਆਂ ਮਾਰੀਆਂ। ਫਿਰ ਉਸ ਪੋਟਲੀ ਵਿੱਚੋਂ ਪਾਣੀ ਦੀ ਗੜਵੀ ਕੱਢੀ।
‘ਮਹਾਰਾਜ! ਇਹ ਦੂਸਰੀ ਅਨਮੋਲ ਵਸਤੂ ਪਾਣੀ ਹੈ। ਇਹ ਪਿਤਾ ਸਮਾਨ ਹੈ। ਪਾਣੀ ਬਿਨਾਂ ਪ੍ਰਾਣੀ ਜਿਉਂਦਾ ਨਹੀਂ ਰਹਿ ਸਕਦਾ।’ ਰਾਜਾ ਖ਼ੁਸ਼ੀ ਨਾਲ ਉਛਲ ਪਿਆ। ਗੱਭਰੂ ਨੇ ਪੋਟਲੀ ਵਿੱਚੋਂ ਇੱਕ ਪੁਸਤਕ ਕੱਢੀ।
‘ਮਹਾਰਾਜ ! ਤੀਸਰੀ ਅਨਮੋਲ ਵਸਤੂ ਪੁਸਤਕ ਹੈ। ਪੁਸਤਕਾਂ ਸਾਨੂੰ ਗਿਆਨ ਦਿੰਦੀਆਂ ਹਨ। ਇਹ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਹਨ। ਗਿਆਨ ਤੋਂ ਬਿਨਾਂ ਇਨਸਾਨ ਪਸ਼ੂ ਸਮਾਨ ਹੈ।’ ਰਾਜੇ ਨੇ ਆਪਣੇ ਆਸਣ ਤੋਂ ਉੱਠ ਕੇ ਉਸ ਗੱਭਰੂ ਨੂੰ ਗਲਵੱਕੜੀ ਪਾ ਲਈ।
‘ਨੌਜਵਾਨ ! ਤੂੰ ਹੀ ਰਾਜਕੁਮਾਰੀ ਲਈ ਯੋਗ ਵਰ ਏ। ਤੇਰੀਆਂ ਲਿਆਂਦੀਆਂ ਇਹ ਵਸਤੂਆਂ ਸਚਮੁਚ ਅਨਮੋਲ ਹਨ। ਤੇਰੇ ਵਰਗਾ ਸਿਆਣਾ ਗੱਭਰੂ ਹੀ ਮੇਰੇ ਰਾਜ ਨੂੰ ਸਹੀ ਢੰਗ ਨਾਲ ਚਲਾ ਸਕਦਾ ਹੈ। ਤੇਰੀ ਸਿਆਣਪ ਨੇ ਮੈਨੂੰ ਮੋਹ ਲਿਆ। ਹੀਰੇ, ਮੋਤੀ, ਜਵਾਹਰ ਸਭ ਬੇਕਾਰ ਹਨ। ਜੇਕਰ ਸਾਡੇ ਕੋਲ ਰਹਿਣ ਲਈ ਧਰਤੀ, ਪੀਣ ਲਈ ਪਾਣੀ ਤੇ ਗਿਆਨ ਹਾਸਲ ਕਰਨ ਲਈ ਪੁਸਤਕਾਂ ਨਾ ਹੋਣ।’
ਰਾਜੇ ਨੇ ਖ਼ੁਸ਼ੀ ਖ਼ੁਸ਼ੀ ਰਾਜਕੁਮਾਰੀ ਦਾ ਵਿਆਹ ਉਸ ਸਾਧਾਰਨ ਜਿਹੀ ਦਿੱਖ ਵਾਲੇ ਬੁੱਧੀਮਾਨ ਗੱਭਰੂ ਨਾਲ ਕਰ ਦਿੱਤਾ। ਇਸ ਤਰ੍ਹਾਂ ਇੱਕ ਮਿਹਨਤੀ ਤੇ ਬੁੱਧੀਮਾਨ ਗੱਭਰੂ ਰਾਜ ਭਾਗ ਦਾ ਮਾਲਕ ਬਣ ਗਿਆ।

Facebook Comment
Project by : XtremeStudioz