Close
Menu

ਅਫਗਾਨਿਸਤਾਨ ‘ਚ ਤਾਲਿਬਾਨ ਦੇ ਹਮਲੇ ‘ਚ 11 ਸੁਰੱਖਿਆ ਕਰਮਚਾਰੀਆਂ ਦੀ ਮੌਤ

-- 24 April,2018

ਕਾਬੁਲ — ਅਫਗਾਨਿਸਤਾਨ ਵਿਚ ਅੱਜ ਤਾਲਿਬਾਨ ਦੇ ਤਾਜ਼ਾ ਹਮਲਿਆਂ ਵਿਚ ਘੱਟ ਤੋਂ ਘੱਟ 11 ਅਫਗਾਨ ਫੌਜੀਆਂ ਅਤੇ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਸੁਬਾਈ ਗਵਰਨਰ ਦੇ ਬੁਲਾਰੇ ਮੁਹੰਮਦ ਨਸੀਰ ਮੇਹਰੀ ਅਨੁਸਾਰ ਪੱਛਮੀ ਫਰਾਹ ਸੂਬੇ ਵਿਚ ਤਾਲਿਬਾਨ ਵੱਲੋਂ ਸੁਰੱਖਿਆ ਬਲ ਦੀ ਚੌਕੀ ਉੱਤੇ ਕੀਤੇ ਹਮਲੇ ਵਿਚ ਘੱਟ ਤੋਂ ਘੱਟ 5 ਫੌਜੀਆਂ ਦੀ ਮੌਤ ਹੋ ਗਈ। ਮੇਹਰੀ ਨੇ ਦੱਸਿਆ ਕਿ ਬਾਲਾ ਬੁਲੁਕ ਜ਼ਿਲੇ ਵਿਚ ਹੋਏ ਹਮਲੇ ਵਿਚ 2 ਫੌਜੀ ਜ਼ਖ਼ਮੀ ਹੋ ਗਏ। ਕਈ ਘੰਟੀਆਂ ਤੱਕ ਚੱਲੇ ਇਸ ਮੁਕਾਬਲੇ ਵਿਚ 6 ਤਾਲਿਬਾਨੀ ਲੜਾਕੇ ਮਾਰੇ ਗਏ ਅਤੇ 3 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ, ”ਸਹਾਇਤਾ ਦਲ ਉੱਥੇ ਪਹੁੰਚ ਗਏ ਹਨ ਅਤੇ ਹਾਲਤ ਕਾਬੂ ਵਿਚ ਹੈ।”
ਇਸ ਤੋਂ ਪਹਿਲਾਂ ਪੂਰਬੀ ਗਜਨੀ ਸੂਬੇ ਵਿਚ ਅੱਤਵਾਦੀਆਂ ਦੇ ਹਮਲੇ ਵਿਚ ਘੱਟ ਤੋਂ ਘੱਟ 4 ਸਥਾਨਕ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਸੁਬਾਈ ਗਵਰਨਰ ਦੇ ਬੁਲਾਰੇ ਆਰਿਫ ਨੂਰੀ ਨੇ ਦੱਸਿਆ ਕਿ ਤਾਲਿਬਾਨ ਨੇ ਸੂਬੇ ਦੇ ਜਗਤੁ ਜ਼ਿਲੇ ਵਿਚ ਸਥਾਨਕ ਪੁਲਸ ਦੀ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮੁਕਾਬਲਾ ਕਈ ਘੰਟੇ ਤੱਕ ਚੱਲਿਆ ਅਤੇ ਤਾਲਿਬਾਨ ਨੇ ਤੋਪਾਂ ਅਤੇ ਰਾਕੇਟ ਚਾਲਿਤ ਗਰੇਨੇਡ ਲਾਂਚਰਾਂ ਦਾ ਇਸਤੇਮਾਲ ਕੀਤਾ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਮੀਡੀਆ ਨੂੰ ਭੇਜੇ ਸੰਦੇਸ਼ਾਂ ਵਿਚ ਫਰਾਹ ਅਤੇ ਗਜਨੀ ਵਿਚ ਹੋਏ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ।
ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਫਰਾਹ ਵਿਚ ਹੋਏ ਹਮਲੇ ਵਿਚ 2 ਅਫਗਾਨ ਫੌਜੀਆਂ ਨੂੰ ਬੰਧਕ ਬਣਾ ਲਿਆ ਹੈ ਪਰ ਅਜੇ ਤੱਕ ਅਫਗਾਨ ਫੌਜ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸੁਬਾਈ ਪ੍ਰੀਸ਼ਦ ਦੇ ਮੈਂਬਰ ਮੁਹੰਮਦ ਨਾਸਿਰ ਨਜਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਪੱਛਮੀ ਬਡਗਿਸ ਸੂਬੇ ਵਿਚ ਜਾਂਚ ਚੌਕੀਆਂ ਉੱਤੇ ਕੀਤੇ ਗਏ ਹਮਲਿਆਂ ਵਿਚ 2 ਪੁਲਸਕਰਮਚਾਰੀ ਮਾਰੇ ਗਏ ਅਤੇ 6 ਫੌਜੀਆਂ ਨੂੰ ਬੰਧਕ ਬਣਾ ਲਿਆ ਗਿਆ। ਉਨ੍ਹਾਂ ਇਸ ਲਈ ਤਾਲਿਬਾਨ ਨੂੰ ਜ਼ਿੰਮੇਦਾਰ ਠਹਿਰਾਇਆ ਅਤੇ ਕਿਹਾ ਕਿ ਅੱਤਵਾਦੀ ਕਾਦਿਸ ਜ਼ਿਲੇ ਵਿਚ ਕਈ ਪੁਲਸ ਅਤੇ ਫੌਜੀ ਜਾਂਚ ਚੌਕੀਆਂ ਵਿਚ ਦਾਖਲ ਹੋ ਗਏ। ਹੁਣ ਹਾਲਾਤ ਕਾਬੂ ਵਿਚ ਹਨ । ਅਫਗਾਨਿਸਤਾਨ ਵਿਚ ਇਸ ਹਫ਼ਤੇ ਕਈ ਘਾਤਕ ਹਮਲੇ ਹੋਏ। ਕਾਬੁਲ ਵਿਚ ਐਤਵਾਰ ਨੂੰ ਵੋਟਰ ਰਜਿਸਟਰੇਸ਼ਨ ਕੇਂਦਰ ਉੱਤੇ ਇਸਲਾਮਿਕ ਸਟੇਟ ਦੇ ਆਤਮਘਾਤੀ ਧਮਾਕਿਆਂ ਵਿਚ 63 ਲੋਕ ਮਾਰੇ ਗਏ ਅਤੇ ਸੋਮਵਾਰ ਨੂੰ ਤਾਲਿਬਾਨ ਨੇ ਪੱਛਮੀ ਅਫਗਾਨਿਸਤਾਨ ਵਿਚ ਹਮਲੇ ਕੀਤੇ ਜਿਸ ਵਿਚ 14 ਫੌਜੀਆਂ ਸਮੇਤ ਪੁਲਸ ਕਰਮਚਾਰੀ ਮਾਰੇ ਗਏ ਸਨ।

Facebook Comment
Project by : XtremeStudioz