Close
Menu

ਅਬੂਧਾਬੀ ’ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ

-- 21 April,2019

ਦੁਬਈ, 21 ਅਪਰੈਲ
ਅਬੂਧਾਬੀ ਵਿਚ ਅੱਜ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਣ ਮੌਕੇ ਕਰਵਾਏ ਸਮਾਗਮ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਇਕ ਮੀਡੀਆ ਰਿਪੋਰਟ ਮੁਤਾਬਕ ਮੰਦਰ ਦੀ ਉਸਾਰੀ ਕਰਵਾ ਰਹੇ ਧਾਰਮਿਕ ਤੇ ਸਮਾਜਿਕ ਸੰਗਠਨ ਬੀਏਪੀਐੱਸ ਸਵਾਮੀ ਨਾਰਾਇਣ ਸੰਸਥਾ ਦੇ ਅਧਿਆਤਮਕ ਆਗੂ ਮਹੰਤ ਸਵਾਮੀ ਮਹਾਰਾਜ ਦੀ ਮੌਜੂਦਗੀ ਵਿਚ ਚਾਰ ਘੰਟੇ ਦਾ ਇਹ ਸਮਾਗਮ ਮੁਕੰਮਲ ਹੋਇਆ। ‘ਖ਼ਲੀਜ਼ ਟਾਈਮਜ਼’ ਦੀ ਰਿਪੋਰਟ ਮੁਤਾਬਕ ਆਬੂ ਮੁਰਿਖਾ ਵਿਚ ਮੰਦਰ ਦੇ ਨੀਂਹ ਪੱਥਰ ਸਮਾਗਮ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਮੁੱਖ ਸਮਾਗਮ ਵਿਚ ਪੁਜਾਰੀਆਂ ਨੇ ਗੁਲਾਬੀ ਰੰਗ ਦੇ ਪੱਥਰਾਂ ਦਾ ਸ਼ੁੱਧੀਕਰਨ ਕੀਤਾ। ਇਨ੍ਹਾਂ ਦਾ ਇਸਤੇਮਾਲ ਮੰਦਰ ਨਿਰਮਾਣ ਲਈ ਹੋਵੇਗਾ। ਇਹ ਸਾਰੇ ਪੱਥਰ ਰਾਜਸਥਾਨ ਤੋਂ ਲਿਆਂਦੇ ਗਏ ਹਨ। ਵਿਦੇਸ਼ ਤੇ ਕੌਮਾਂਤਰੀ ਸਹਿਯੋਗ ਮਾਮਲਿਆਂ ਬਾਰੇ ਮੰਤਰੀ ਸ਼ੇਖ਼ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਨ ਤੇ ਇਕ ਹੋਰ ਮੰਤਰੀ ਸ਼ੇਖ਼ ਨਾਹਯਨ ਮੁਬਾਰਕ ਅਲ ਨਾਹਯਨ ਦੇ ਨਾਲ ਦੁਨੀਆ ਭਰ ਤੋਂ ਸਮਾਜਿਕ ਤੇ ਅਧਿਆਤਮਕ ਆਗੂ ਸਮਾਗਮ ਵਿਚ ਸ਼ਾਮਲ ਹੋਏ। ਸ਼ੇਖ਼ ਨਾਹਯਨ ਨੇ ਵੀਰਵਾਰ ਨੂੰ ਅਲ ਮਖ਼ਤੂਮ ਕੌਮਾਂਤਰੀ ਹਵਾਈ ਅੱਡੇ ’ਤੇ ਸਵਾਮੀ ਮਹਾਰਾਜ ਤੇ ਹਿੰਦੂ ਪੁਜਾਰੀਆਂ ਦੇ ਵਫ਼ਦ ਦਾ ਸਵਾਗਤ ਕੀਤਾ। ਭਾਰਤੀ ਕਲਾਕਾਰ ਮੰਦਰ ਲਈ ਪੱਥਰਾਂ ’ਤੇ ਨੱਕਾਸ਼ੀ ਕਰਨਗੇ। ਆਬੂਧਾਬੀ ਸਰਕਾਰ ਨੇ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਕ ਦੀ ਪਹਿਲੀ ਯਾਤਰਾ ਦੌਰਾਨ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵਿਚ ਮੰਦਰ ਨਿਰਮਾਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਮੰਦਰ ਇਕ ਵਿਰਾਸਤੀ ਕੰਪਲੈਕਸ ਵਾਂਗ ਹੋਵੇਗਾ। ਇਸ ਵਿਚ ਗੈੱਲਰੀ, ਹਾਲ, ਲਾਇਬਰੇਰੀ ਉਸਾਰੀ ਜਾਵੇਗੀ। ਹਾਲਾਂਕਿ ਇਸ ਦੀ ਉਸਾਰੀ ਮੁਕੰਮਲ ਹੋਣ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ। 14 ਹੈਕਟੇਅਰ ਵਿਚ ਬਣਨ ਵਾਲੇ ਮੰਦਰ ਵਿਚ ਸੱਤ ਟਾਵਰ ਹੋਣਗੇ ਜੋ ਕਿ ਯੂਏਈ ਦੇ ਸੱਤ ਐਮੀਰੇਟਸ ਨੂੰ ਦਰਸਾਉਣਗੇ।

Facebook Comment
Project by : XtremeStudioz