Close
Menu

ਅਭਿਆਸ

-- 28 September,2015

ਰਜਨੀ ਚੌਥੀ ਜਮਾਤ ਵਿੱਚੋਂ ਬੜੇ ਹੀ ਘੱਟ ਨੰਬਰ ਲੈ ਕੇ ਪਾਸ ਹੋਈ ਸੀ। ਉਹ ਆਪਣੀ ਜਮਾਤ ਵਿੱਚੋਂ ਪਾਸ ਤਾਂ ਹੋ ਗਈ ਸੀ, ਪਰ ਆਪਣੀਆਂ ਬਾਕੀ ਸਹੇਲੀਆਂ ਨਾਲੋਂ ਨੰਬਰਾਂ ਦੀ ਦੌੜ ਵਿੱਚ ਪਿੱਛੇ ਰਹਿ ਗਈ ਸੀ। ਉਸ ਦੇ ਮੰਮੀ-ਪਾਪਾ ਉਸ ਨੂੰ ਸਮਝਾ ਰਹੇ ਸਨ, ‘‘ਰਜਨੀ ਬੇਟਾ, ਤੂੰ ਬਹੁਤਾ ਸਮਾਂ ਖੇਡਣਾ ਤੇ ਟੀ.ਵੀ. ਦੇਖਣਾ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇ, ਨਹੀਂ ਤਾਂ ਇਸ ਤਰ੍ਹਾਂ ਪਿੱਛੇ ਰਹਿੰਦੀ-ਰਹਿੰਦੀ ਆਖਰ ਨੂੰ ਇੱਕ ਦਿਨ ਫੇਲ੍ਹ ਹੋ ਜਾਵੇਂਗੀ। ਇਸ ਤਰ੍ਹਾਂ ਤੇਰਾ ਭਵਿੱਖ ਵੀ ਖਰਾਬ ਹੋ ਜਾਵੇਗਾ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਹਰੇਕ ਲੲੀ ਪਡ਼੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ।’’ ਉਂਜ, ਰਜਨੀ ਪੜ੍ਹਦੀ ਤਾਂ ਸੀ, ਪਰ ੳੁਸ ਦੇ ਕੁਝ ਬਹੁਤ ਚਿਰ ਯਾਦ ਨਹੀਂ ਸੀ ਰਹਿੰਦਾ। ਦਰਅਸਲ ਰਜਨੀ ਦੁਹਰਾਓ ਨਹੀਂ ਸੀ ਕਰਦੀ ਜਦੋਂਕਿ ੳੁਸ ਦੀ ਦਿਮਾਗ਼ੀ ਸਮਰੱਥਾ ਮੁਤਾਬਕ ੳੁਸ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋਡ਼ ਸੀ। ਇਸੇ ਕਾਰਨ ਉਹ ਆਪਣੀ ਜਮਾਤ ਵਿੱਚ ਪਿੱਛੇ ਰਹਿਣ ਲੱਗੀ ਸੀ। ਹੁਣ ਉਹ ਅਗਲੀ ਜਮਾਤ ਭਾਵ ਪੰਜਵੀਂ ਜਮਾਤ ਵਿੱਚ ਜਾਣ ਤੋਂ ਵੀ ਡਰ ਰਹੀ ਸੀ। ੳੁਸ ਦੇ ਮਨ ਵਿੱਚ ਡਰ ਬੈਠ ਗਿਆ ਸੀ ਕਿ ਜੇ ਮੈਂ ਫੇਲ੍ਹ ਹੋ ਗਈ ਤਾਂ….? ਇਸ ਤਰ੍ਹਾਂ ਸੋਚਦੀ-ਸੋਚਦੀ ਇੱਕ ਦਿਨ ਸ਼ਾਮ ਦੇ ਸਮੇਂ ਘਰ ਵਿੱਚ ੳੁਹ ਉਦਾਸ ਜਿਹੀ ਬੈਠੀ ਹੋਈ ਸੀ ਅਤੇ ਉਸ ਦੇ ਦਾਦੀ ਜੀ ਉਸ ਦੇ ਕੋਲ ਬੈਠੇ ਮੂੰਹ ਜ਼ੁਬਾਨੀ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ। ਰਜਨੀ ਦੇ ਦਾਦੀ ਜੀ ਕੋਰੇ ਅਨਪੜ੍ਹ ਸਨ, ਪਰ ਫਿਰ ਵੀ ਉਨ੍ਹਾਂ ਦੇ ਜਪੁ ਜੀ ਸਾਹਿਬ, ਰਹਿਰਾਸ ਸਾਹਿਬ ਅਤੇ ਕੀਰਤਨ ਸੋਹਲਾ ਸਾਹਿਬ ਸਾਰੇ ਪਾਠ ਜ਼ੁਬਾਨੀ ਯਾਦ ਸਨ।
ਉਂਜ ਤਾਂ ਉਸ ਦੇ ਦਾਦੀ ਮਾਂ ਉਸ ਦੇ ਸਾਹਮਣੇ ਹਰ ਰੋਜ਼ ਪਾਠ ਕਰਿਆ ਕਰਦੇ ਸਨ, ਪਰ ਰਜਨੀ ਨੇ ਅੱਜ ਹੀ ਉਨ੍ਹਾਂ ਦੇ ਮੂੰਹ-ਜ਼ੁਬਾਨੀ ਪਾਠ ਯਾਦ ਹੋਣ ਬਾਰੇ ਜ਼ਿਆਦਾ ਸੋਚਿਆ ਤੇ ਉਹ ਹੈਰਾਨ ਹੁੰਦੀ ਚਲੀ ਗਈ,‘‘ਦਾਦੀ ਜੀ ਏਨਾ ਪਾਠ ਕਿਵੇਂ ਯਾਦ ਰੱਖੀਂ ਬੈਠੇ ਹਨ? ਮੈਂ ਤਾਂ ਆਪਣੀ ਜਮਾਤ ਵਾਲਾ ਪੜ੍ਹਿਆ ਹੋਇਆ ਪਾਠ ਉਸੇ ਦਿਨ ਸ਼ਾਮ ਤਕ ਜਾਂ ਅਗਲੇ ਦਿਨ ਸਵੇਰ ਤਕ ਅਕਸਰ ਭੁੱਲ ਜਾਂਦੀ ਹਾਂ, ਇਸ ਗੱਲ ਦਾ ਆਖਰ ਰਾਜ਼ ਕੀ ਐ? ਅੱਜ ਮੈਂ ਦਾਦੀ ਮਾਂ ਤੋਂ ਪੁੱਛ ਕੇ ਹੀ ਹਟਾਂਗੀ।’’
ਜਦੋਂ ਉਸ ਦੇ ਦਾਦੀ ਪਾਠ ਕਰਕੇ ਹਟੇ ਅਤੇ ਅਰਦਾਸ ਕਰਨ ਉਪਰੰਤ ਆਪਣੇ ਬਿਸਤਰੇ ’ਤੇ ਜਾ ਕੇ ਬੈਠੇ ਤਾਂ ਰਜਨੀ ਝੱਟ ਆਪਣੀ ਦਾਦੀ ਮਾਂ ਦੀ ਗੋਦੀ ’ਚ ਜਾ ਬੈਠੀ ਤੇ ਕਹਿਣ ਲੱਗੀ, ‘‘ਦਾਦੀ ਮੇਰੀ ਇੱਕ ਗੱਲ ਦਾ ਜੁਆਬ ਦਿਓਗੇ?’’
‘‘ਹਾਂ ਪੁੱਤਰ ਜੀ, ਕਿਉਂ ਨਹੀਂ?’’ ਉਸ ਦੇ ਦਾਦੀ ਜੀ ਨੇ ਪਿਆਰ ਨਾਲ ਉਸ ਦੇ ਸਿਰ ’ਤੇ ਹੱਥ ਫੇਰਦੇ ਹੋਏ ਕਿਹਾ।
‘‘ਦਾਦੀ ਮਾਂ, ਮੇੇਰੇ ਸਕੂਲ ਵਿੱਚ ਜੋ ਵੀ ਮੇਰੇ ਅਧਿਆਪਕ ਮੈਨੂੰ ਪੜ੍ਹਾਉਂਦੇ ਹਨ, ਪਤਾ ਨਹੀਂ ਕਿਉਂ  ਮੈਂ ਅਕਸਰ ਉਹ ਜਲਦੀ ਹੀ ਭੁੱਲ ਜਾਂਦੀ ਹਾਂ। ਮੈਨੂੰ ਇਸ ਦਾ  ਕੋਈ ਹੱਲ ਦੱਸੋ। ਜਿਵੇਂ ਤੁਸੀਂ ਮੂੰਹ-ਜ਼ੁਬਾਨੀ ਪਾਠ ਪੜ੍ਹਦੇ ਹੋ, ਇਸ ਤਰ੍ਹਾਂ ਮੇਰੇ ਵੀ ਤੁਹਾਡੇ ਵਾਂਗ ਸਾਰਾ ਕੁਝ ਯਾਦ ਰਹਿ ਸਕੇ। ਕੀ ਇਸ ਦੀ ਕੋਈ ਦਵਾਈ ਖਾਣੀ ਪੈਂਦੀ ਐ?’’ ਰਜਨੀ ਸਭ ਕੁਝ ਦਾਦੀ ਮਾਂ ਨੂੰ ਇੱਕੋ ਸਾਹੇ ਕਹਿ ਗਈ।
ਦਾਦੀ ਮਾਂ ਜੋ ਰਜਨੀ ਦੀ ਆਦਤ ਤੋਂ ਵਾਕਿਫ਼ ਸਨ ਨੇ ਕਿਹਾ, ‘‘ਪੁੱਤਰ ਜੀ, ਇਸ ਦੀ ਕੋਈ ਦਵਾਈ ਨਹੀਂ ਹੁੰਦੀ। ਤੈਨੂੰ ਕੇਵਲ ਅਭਿਆਸ ਦੀ ਲੋਡ਼ ਹੈ। ਤੂੰ ਘਰ ਆ ਕੇ ਸਕੂਲ ਦੇ ਕੰਮ ਦਾ ਇੱਕ ਦੋ-ਵਾਰ ਦੁਹਰਾਓ ਜ਼ਰੂਰ ਕਰਿਆ ਕਰ। ਇਸ ਨਾਲ ਤੇਰੀ ਯਾਦਦਾਸ਼ਤ ਵੀ ਵਧੇਗੀ ਅਤੇ ਕੁਝ ਵੀ ਜਲਦੀ ਨਾਲ ਨਹੀਂ ਭੁੱਲੇਗਾ। ਮੈਂ ਪਾਠ ਵੀ ਤਾਂ ਇਵੇਂ ਸਿੱਖਿਆ ਹੈ, ਹਰ ਗੱਲ ਨੂੰ ਧਿਆਨ ਨਾਲ ਸੁਣਨਾ ਅਤੇ ਉਸ ਦੇ ਵਾਰ-ਵਾਰ ਦੁਹਰਾਓ ਨਾਲ ਮੇਰੇ ਪਾਠ ਮੂੰਹ ਜ਼ੁਬਾਨੀ ਯਾਦ ਹੋ ਗਿਆ।’’
‘‘ਠੀਕ ਹੈ ਦਾਦੀ ਜੀ’’, ਇਉਂ ਕਹਿ ਕੇ ਰਜਨੀ ਉਨ੍ਹਾਂ ਦੀ ਗੋਦੀ ’ਚੋਂ ਨਿਕਲ ਕੇ ਬਿਸਤਰੇ ’ਤੇ ਬੈਠਦੀ ਹੋਈ ਬੋਲੀ।
ਰਜਨੀ ਦੀ ਦਾਦੀ ਨੇ ੳੁਸ ਨੂੰ ਇਹ ਵੀ ਕਿਹਾ, ‘‘ਬੇਟਾ, ਸਕੂਲ ਵਿੱਚ ਜੋ ਕੁਝ ਅਧਿਆਪਕ ਪਡ਼੍ਹਾੳੁਣ ੳੁਸ ਨੂੰ ਧਿਆਨ ਨਾਲ ਸੁਣਨਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ੳੁਸ ਦਾ ਅਭਿਆਸ ਕਰ ਪਾਵੇਂਗੀ। ਤੂੰ ਇਹ ਨੇਮ ਬਣਾ ਲੈ ਕਿ ਹਰ ਰੋਜ਼ ਸਕੂਲ ’ਚ ਕਰਾੲੀ ਗੲੀ ਪਡ਼੍ਹਾੲੀ ਦਾ ਮੇਰੇ ਕੋਲ ਦੁਹਰਾਓ ਕਰਨਾ।’’
ਇਹ ਤਾਂ ਮੈਂ ਕਰ ਸਕਦੀ ਹਾਂ ਕਿਉਂਕਿ ਮੈਂ ਸਕੂਲੋਂ ਪੜ੍ਹੇ ਹੋਏ ਪਾਠ ਨੂੰ ਸ਼ਾਮ ਤੀਕਰ ਹੀ ਭੁੱਲਦੀ ਹਾਂ। ਸਕੂਲੋਂ ਆਉਂਦੇ ਸਾਰ ਪਹਿਲਾਂ ਸਾਰਾ  ਪਾਠ ਮੈਂ ਤੁਹਾਨੂੰ ਸੁਣਾਇਆ ਕਰੂੰ ਅਤੇ ਰਾਤ ਨੂੰ ਸੁਆਲ ਪਾਪਾ ਜੀ ਨੂੰ ਕੱਢ ਕੇ ਦਿਖਾਇਆ ਕਰੂੰ। ਇਸ ਦੇ ਨਾਲ ਆਪਣਾ ਟੀ.ਵੀ਼ ਦੇਖਣ ਤੇ ਖੇਡਣ ਦਾ ਸਮਾਂ ਵੀ ਤੈਅ ਕਰੂੰ ਤਾਂ ਕਿ ਇਸ ਦਾ ਮੇਰੀ ਪਡ਼੍ਹਾੲੀ ’ਤੇ ਅਸਰ ਨਾ ਪਵੇ। ਇਸ ਤੋਂ ਬਾਅਦ ਰਜਨੀ ਨੇ ਆਪਣਾ ਧਿਆਨ ਪੜ੍ਹਾਈ ਵੱਲ ਕੇਂਦਰਿਤ ਕਰ ਦਿੱਤਾ। ਬਸ, ਫਿਰ ਕੀ ਸੀ। ਤਿੰਨ ਕੁ ਮਹੀਨਿਆਂ ਮਗਰੋਂ ਜਦੋਂ ਉਸ ਦੇ ਤਿਮਾਹੀ ਇਮਤਿਹਾਨ ਹੋਏ ਤਾਂ ਉਹ ਉਨ੍ਹਾਂ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਸੀ।

Facebook Comment
Project by : XtremeStudioz