Close
Menu

ਅਮਰੀਕਾ ‘ਚ ਸਿੱਖ ਵਿਅਕਤੀ ਦਾ ਕਤਲ, 3 ਹਫਤਿਆਂ ‘ਚ ਵਾਪਰੀ ਤੀਜੀ ਵਾਰਦਾਤ

-- 17 August,2018

ਨਿਊਯਾਰਕ — ਅਮਰੀਕਾ ਦੇ ਨਿਊਜਰਸੀ ‘ਚ ਇਕ ਸਿੱਖ ਵਿਅਕਤੀ ਤਰਲੋਕ ਸਿੰਘ ਦਾ ਉਸ ਦੇ ਹੀ ਸਟੋਰ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੀਤੇ ਤਿੰਨ ਹਫਤਿਆਂ ‘ਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਸਰੀ ਵਾਰਦਾਤ ਹੈ। ਬੀਤੇ ਦਿਨ ਸਵੇਰ ਦੇ 9:00 ਵਜੇ ਦੇ ਕਰੀਬ ਟਾਊਨ ਈਸਟ ਔਰੇਂਜ ਵਿਖੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਾਰਥ ਪਾਰਕ ਸਟ੍ਰੀਟ ‘ਤੇ ਸਥਿਤ ਪਾਰਕ ਡੇਲੀ ਐਂਡ ਗਰੌਸਰੀ ਸਟੋਰ ਦੇ ਬਾਥਰੂਮ ‘ਚ ਤਰਲੋਕ ਸਿੰਘ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੀ ਛਾਤੀ ‘ਤੇ ਜ਼ਖਮ ਦੇ ਨਿਸ਼ਾਨ ਸਨ।

ਇਸ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦ ਸਟੋਰ ਤੋਂ ਇਕ ਬਲਾਕ ਦੀ ਦੂਰੀ ‘ਤੇ ਇਕ ਗੈਸ ਸਟੇਸ਼ਨ ‘ਤੇ ਕੰਮ ਕਰਨ ਵਾਲਾ ਵਿਅਕਤੀ ਕੁੱਝ ਖਰੀਦਣ ਲਈ ਸਟੋਰ ‘ਚ ਆਇਆ। ਉਸ ਨੇ ਕਈ ਵਾਰ ਆਵਾਜ਼ਾਂ ਮਾਰੀਆਂ ਪਰ ਸਟੋਰ ਖੁੱਲ੍ਹਾ ਹੋਣ ਦੇ ਬਾਵਜੂਦ ਕੋਈ ਜਵਾਬ ਨਾ ਮਿਲਿਆ। ਫਿਰ ਉਹ ਵਿਅਕਤੀ ਬਾਥਰੂਮ ਵੱਲ ਗਿਆ, ਜਿੱਥੇ ਕਾਫ਼ੀ ਖੂਨ ਡੁੱਲ੍ਹਿਆ ਹੋਇਆ ਸੀ ਅਤੇ ਬਜ਼ੁਰਗ ਤਰਲੋਕ ਸਿੰਘ ਦੀ ਉੱਥੇ ਲਾਸ਼ ਪਈ ਹੋਈ ਸੀ।

ਇਸਤਗਾਸਾ ਦਫਤਰ ਨੇ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ। ਹਾਲਾਂਕਿ ਕਤਲ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਤਰਲੋਕ ਸਿੰਘ ਬਹੁਤ ਹੀ ਚੰਗੇ ਵਿਅਕਤੀ ਸਨ । ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਹਨ, ਜੋ ਭਾਰਤ ‘ਚ ਰਹਿ ਰਹੇ ਹਨ। ਇਸ ਘਟਨਾ ਕਾਰਨ ਸਿੱਖ ਭਾਈਚਾਰੇ ਨੂੰ ਡੂੰਘਾ ਦੁੱਖ ਪਹੁੰਚਿਆ ਹੈ। ਰਿਪੋਰਟ ਮੁਤਾਬਕ ਤਰਲੋਕ ਸਿੰਘ ਪਿਛਲੇ 6 ਸਾਲਾਂ ਤੋਂ ਇੱਥੇ ਸਟੋਰ ਚਲਾ ਰਹੇ ਸਨ। ਨਾਗਰਿਕ ਅਧਿਕਾਰ ਸੰਗਠਨ ਸਿੱਖ ਗਠਜੋੜ ਨੇ ਫੇਸਬੁੱਕ ਪੋਸਟ ‘ਤੇ ਸਿੰਘ ਦੇ ਪਰਿਵਾਰ, ਦੋਸਤਾਂ ਅਤੇ ਸਥਾਨਕ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

 

3 ਹਫਤਿਆਂ ‘ਚ ਵਾਪਰੀ ਤੀਜੀ ਵਾਰਦਾਤ—
ਤੁਹਾਨੂੰ ਦੱਸ ਦਈਏ ਕਿ 3 ਹਫਤਿਆਂ ‘ਚ 3 ਵਾਰਦਾਤਾਂ ਵਾਪਰ ਚੁੱਕੀਆਂ ਹਨ। ਇਸ ਤੋਂ ਪਹਿਲਾਂ ਦੋ ਸਿੱਖ ਵਿਅਕਤੀਆਂ ‘ਤੇ ਹਮਲੇ ਕੀਤੇ ਗਏ, ਜਿਸ ਕਾਰਨ ਉਹ ਜ਼ਖਮੀ ਹੋ ਗਏ। 6 ਅਗਸਤ ਨੂੰ 71 ਸਾਲਾ ਸਾਹਿਬ ਸਿੰਘ ‘ਤੇ ਦੋ ਵਿਅਕਤੀਆਂ ਨੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਸਨ। ਇਸ ਤੋਂ ਪਹਿਲਾਂ 50 ਸਾਲਾ ਸੁਰਜੀਤ ਮੱਲ੍ਹੀ ਨੂੰ ਉਸ ਸਮੇਂ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਜਦ ਉਹ ਇਕ ਸਿਆਸੀ ਪਾਰਟੀ ਨਾਲ ਚੋਣ ਪ੍ਰਚਾਰ ਲਈ ਨਿਕਲੇ ਸਨ। ਉਨ੍ਹਾਂ ਦੀ ਗੱਡੀ ‘ਤੇ ਸਪ੍ਰੇਅ ਨਾਲ ‘ਆਪਣੇ ਦੇਸ਼ ਵਾਪਸ ਜਾਓ’ ਸ਼ਬਦ ਵੀ ਲਿਖੇ ਗਏ ਸਨ। ਅਜਿਹੀਆਂ ਘਟਨਾਵਾਂ ਕਾਰਨ ਸਿੱਖ ਭਾਈਚਾਰੇ ‘ਚ ਰੋਸ ਹੈ ਅਤੇ ਉਨ੍ਹਾਂ ਵਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ।

Facebook Comment
Project by : XtremeStudioz