Close
Menu

ਅਮਰੀਕਾ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਨੂੰ ਕਿਹਾ ਤਾਂ ਪਾਕਿ ਨੇ ਮੰਗ ਲਏ ਸਬੂਤ

-- 23 January,2018

ਵਾਸ਼ਿੰਗਟਨ – ਅਮਰੀਕਾ ਵਲੋਂ ਆਰਥਿਕ ਰੋਕ ਲਗਾਉਣ ਤੋਂ ਬਾਅਦ ਪਾਕਿਸਤਾਨ ਨੇ ਵੀ ਅਮਰੀਕਾ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਸ ਵਿਰੁੱਧ ਹਮਲਾਵਰ ਰੁਖ ਅਪਣਾ ਲਿਆ ਹੈ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਪਾਕਿਸਤਾਨ ਨੂੰ ਆਪਣੀ ਧਰਤੀ ਤੋਂ ਤਾਲੀਬਾਨੀ ਅੱਤਵਾਦੀਆਂ ਦਾ ਖਾਤਮਾ ਕਰਨ ਜਾਂ ਗ੍ਰਿਫਤਾਰ ਕਰਨ ਲਈ ਆਖਿਆ ਤਾਂ ਪਾਕਿ ਨੇ ਅਮਰੀਕਾ ਕੋਲੋਂ ਇਸ ਦੇ ਸਬੂਤ ਮੰਗ ਲਏ। ਅਮਰੀਕਾ ਨੇ ਪਾਕਿਸਤਾਨ ਤੋਂ ਆਪਣੇ ਇਥੋਂ ਤਾਲੀਬਾਨੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਆਖਿਆ ਤਾਂ ਜਵਾਬ ਵਿਚ ਅਮਰੀਕਾ ’ਚ ਪਾਕਿਸਤਾਨ ਦੇ ਰਾਜਦੂਤ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਦਾ ਦੇਸ਼ ਪਹਿਲਾਂ ਹੀ ਉਨ੍ਹਾਂ ਨੂੰ ਬਾਹਰ ਕਰ ਚੁੱਕਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦੇ ਰਿਹਾ, ਨਾਲ ਹੀ ਉਨ੍ਹਾਂ ਨੇ ਆਪਣੇ ਇਥੇ ਅੱਤਵਾਦੀਆਂ ਦੇ ਪਨਾਹਗਾਹ ਦੇਣ ਦਾ ਸਬੂਤ ਦੇਣ ਦੀ ਖੁੱਲ੍ਹੀ ਚੁਣੌਤੀ ਦੇ ਦਿੱਤੀ।

ਪਾਕਿ ਰਾਜਦੂਤ ਨੇ ਦਿੱਤੀ ਖੁੱਲ੍ਹੀ ਚੁਣੌਤੀ 
ਸੈਂਡਰਸ ਦੇ ਬਿਆਨ ਤੋਂ ਇਕ ਘੰਟੇ ਅੰਦਰ ਹੀ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਅਜ਼ੀਜ਼ ਅਹਿਮਦ ਚੌਧਰੀ ਨੇ ਆਖਿਆ ਕਿ ਉਨ੍ਹਾਂ ਦੇ ਦੇਸ਼ ਦੀ ਫੌਜ ਨੇ ਆਪਣੇ ਇਥੋਂ ਸਾਰੇ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ ਹੈ। ਅੱਤਵਾਦੀ ਗਤੀਵਿਧੀਆਂ ਦੇ ਸਾਰੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ, ਜੇਕਰ ਕਿਸੇ ਨੂੰ ਇੰਝ ਜਾਪਦਾ ਹੈ ਕਿ ਅਜੇ ਵੀ ਅੱਤਵਾਦੀ ਪਾਕਿਸਤਾਨ ਦੀ ਧਰਤੀ ’ਤੇ ਹਨ ਤਾਂ ਉਹ ਸਾਨੂੰ ਦੱਸਣ ਅਸੀਂ ਉਨ੍ਹਾਂ ਵਿਰੁੱਧ ਕਾਰਵਾਈ ਕਰਾਂਗੇ। ਰਾਜਦੂਤ ਨੇ ਕਿਹਾ ਕਿ ਇਹ ਖੁੱਲ੍ਹੀ ਚੁਣੌਤੀ ਹੈ।

ਤੁਹਾਨੂੰ ਦੱਸ ਦਈਏ ਕਿ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,”ਅਸੀਂ ਪਾਕਿਸਤਾਨ ਨੂੰ ਤੁਰੰਤ ਤਾਲੀਬਾਨੀ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਜਾਂ ਬਰਖਾਸਤ ਕਰਨ ਲਈ ਆਖਿਆ ਹੈ ਤਾਂ ਜੋ ਇਹ ਸਮੂਹ ਪਾਕਿਸਤਾਨੀ ਜ਼ਮੀਨ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਨਾ ਕਰ ਸਕਣ।” ਸਾਰਾ ਨੇ ਕਿਹਾ,”ਅਫਗਾਨਿਸਤਾਨ ’ਚ ਜਿੱਥੇ ਕਾਬੁਲ ਸਥਿਤ ਇਕ ਹੋਟਲ ‘ਤੇ ਅੱਤਵਾਦੀ ਹਮਲਾ ਕੀਤਾ ਗਿਆ, ਉੱਥੇ ਨਾਗਰਿਕਾਂ ‘ਤੇ ਅਜਿਹੇ ਹਮਲੇ ਸਿਰਫ ਸਾਡੇ ਸਹਿਯੋਗੀ ਅਫਗਾਨ ਪ੍ਰਤੀ ਸਾਡੇ ਸਮਰਥਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ।” ਉਨ੍ਹਾਂ ਆਖਿਆ ”ਅਸੀਂ ਅਫਗਾਨ ਸੁਰੱਖਿਆ ਫੋਰਸ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਦੇ ਹਾਂ। ਸਾਡੇ ਸਹਿਯੋਗ ਨਾਲ ਅਫਗਾਨਿਸਤਾਨ ਦੀਆਂ ਸੁਰੱਖਿਆ ਫੋਰਸਾਂ ਦੁਸ਼ਮਣਾਂ ਦੇ ਦੰਦ ਖੱਟੇ ਕਰਦੀਆਂ ਰਹਿਣਗੀਆਂ, ਜੋ ਪੂਰੀ ਦੁਨੀਆ ’ਚ ਅੱਤਵਾਦ ਫੈਲਾਉਣਾ ਚਾਹੁੰਦੇ ਹਨ।”

Facebook Comment
Project by : XtremeStudioz