Close
Menu

ਆਈਪੀਐਲ: ਰਸਲ ’ਤੇ ਭਾਰੀ ਪਈ ਬਿਲਿੰਗਜ਼ ਦੀ ਪਾਰੀ

-- 11 April,2018

ਚੇੱਨਈ, 11 ਅਪਰੈਲ
ਸੈਮ ਬਿਲਿੰਗਜ਼ ਦੇ ਸ਼ਾਨਦਾਰ ਨੀਮ ਸੈਂਕੜੇ ਸਦਕਾ ਅੱਜ ਰਾਤ ਇਥੇ ਆਈਪੀਐਲ ਦੇ ਇਕ ਬੇਹੱਦ ਰੋਮਾਂਚਕ ਮੈਚ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਆਂਦਰੇ ਰਸਲ ਦੀ ਤੂਫ਼ਾਨੀ ਪਾਰੀ ਉਤੇ ਪਾਣੀ ਫੇਰਦਿਆਂ ਵਿਸ਼ਾਲ ਸਕੋਰ ਦੇ ਬਾਵਜੂਦ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਆਈਪੀਐਲ ਦੇ ਇਸ ਸੀਜ਼ਨ ਵਿਚ ਚੇਨਈ ਦੀ ਇਹ ਦੂਜੀ ਜਿੱਤ ਹੈ।
ਚੇੱਨਈ ਲਈ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਨੇ 42, ਅੰਬਾਤੀ ਰਾਯੂਡੂ ਨੇ 39, ਕਪਤਾਨ ਮਹਿੰਦਰ ਸਿੰਘ ਧੋਨੀ ਨੇ 25 ਤੇ ਸੁਰੇਸ਼ ਰੈਣਾ ਨੇ 14 ਦੌੜਾਂ ਦਾ ਯੋਗਦਾਨ ਪਾਇਆ। ਰਵਿੰਦਰ ਜਡੇਜਾ ਤੇ ਡਵੈਨ ਬਰੇਵੋ 11-11 ਦੌੜਾਂ ਬਣਾ ਕੇ ਨਾਬਾਦ ਰਹੇ। ਦੂਜੇ ਪਾਸੇ ਟੌਮ ਕੁਰੇਨ ਨੇ 3 ਓਵਰਾਂ ’ਚ 39 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਚਾਵਲਾ, ਨਰਾਇਣ ਤੇ ਯਾਦਵ ਨੇ ਇਕ-ਇਕ ਵਿਕਟ ਝਟਕਾਈ। ਬਿਲਿੰਗਜ਼ ਨੇ ਆਪਣੀ 23 ਗੇਂਦਾਂ ਦੀ ਪਾਰੀ ਵਿੱਚ ਪੰਜ ਛੱਕੇ ਤੇ ਦੋ ਚੌਕੇ ਜੜੇ।
ਪਹਿਲਾਂ ਖੇਡਦਿਆਂ ਕੋਲਕਾਤਾ ਨੇ ਰਸਲ ਦੀ 36 ਗੇਂਦਾਂ ਵਿੱਚ 11 ਛੱਕਿਆਂ ਤੇ ਇਕ ਚੌਕੇ ਦੇ ਮੱਦਦ ਨਾਲ 88 ਦੌੜਾਂ ਦੀ ਨਾਬਾਦ ਪਾਰੀ ਸਦਕਾ 6 ਵਿਕਟਾਂ ਉਤੇ 202 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਰਸਲ ਨੇ ਆਈਪੀਐਲ ਦੀ ਆਪਣੀ ਹੁਣ ਤੱਕ ਦੀ ਬਿਹਤਰੀਨ ਪਾਰੀ ਦੌਰਾਨ ਦਿਨੇਸ਼ ਕਾਰਤਿਕ (26) ਨਾਲ ਛੇਵੀਂ ਵਿਕਟ ਲਈ 7.4 ਓਵਰਾਂ ਵਿੱਚ 76 ਦੌੜਾਂ ਦੀ ਭਾਈਵਾਲੀ ਵੀ ਕੀਤੀ। ਕੋਲਕਾਤਾ ਲਈ    ਰੌਬਿਨ ਉਥੱਪਾ ਨੇ ਵੀ 16 ਗੇਂਦਾਂ ਵਿੱਚ 29 ਦੌੜਾਂ ਦੀ ਪਾਰੀ ਖੇਡੀ।

Facebook Comment
Project by : XtremeStudioz