Close
Menu

ਆਗਾਮੀ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਗ਼ੈਰਕਾਨੂੰਨੀ ਪਰਵਾਸੀਆਂ ਦੀ ਕਰਾਂਗੇ ਪਛਾਣ: ਸ਼ਾਹ

-- 24 September,2018

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਜਿੱਤ ਜਾਂਦੀ ਹੈ ਤਾਂ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਬਾਹਰ ਖਦੇੜਿਆ ਜਾਵੇਗਾ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਵੋਟ ਬੈਂਕ ਦੀ ਰਾਜਨੀਤੀ ਤਹਿਤ ਰੌਲਾ ਪਾਇਆ ਜਾਂਦਾ ਹੈ। ਉਹ ਅੱਜ ਇੱਥੋਂ ਦੇ ਰਾਮਲੀਲਾ ਮੈਦਾਨ ਵਿੱਚ ਪੂਰਵਾਂਚਲ ਦੇ ਲੋਕਾਂ ਦੀ ਮਹਾਂਪੰਚਾਇਤ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਹ ਮਹਾਂਪੰਚਾਇਤ ਕੌਮੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਕਰੀਬ 40 ਫੀਸਦੀ ਪੂਰਵਾਂਚਲੀਆਂ ਨਾਲ ਰਾਬਤਾ ਕਾਇਮ ਕਰਨ ਲਈ ਕੀਤੀ ਗਈ ਸੀ।
ਇਸ ਦੌਰਾਨ ਸ੍ਰੀ ਸ਼ਾਹ ਨੇ ਕਿਹਾ ਕਿ ਗ਼ੈਰ-ਕਾਨੂੰਨੀ ਘੁੱਸਪੈਠੀਏ ਦੇਸ਼ ਨੂੰ ਸਿਊਂਕ ਵਾਂਗ ਖਾ ਰਹੇ ਹਨ ਜਿਨ੍ਹਾਂ ਲਈ ਸਰਕਾਰ ਨੇ ਐੱਨਆਰਸੀ ਲਿਆਂਦਾ ਹੈ ਪਰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਸਾਥੀ ਇਸ ਮੁੱਦੇ ’ਤੇ ਸੰਸਦ ਵਿੱਚ ਰੌਲਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ, ਖੱਬੀਆਂ ਧਿਰਾਂ ਤੇ ਆਮ ਆਦਮੀ ਪਾਰਟੀ ਵਰਗੇ ਦਲਾਂ ਨੂੰ ਵੀ ਇਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੈ ਪਰ ਧਮਾਕਿਆਂ ਵਿੱਚ ਮਾਰੇ ਜਾਂਦੇ ਬੇਕਸੂਰ ਲੋਕਾਂ ਦੀ ਫਿਕਰ ਨਹੀਂ ਹੈ। ਉਨ੍ਹਾਂ ਲੋਕ ਸਭਾ ਚੋਣਾਂ ਮਗਰੋਂ ਕੌਮੀ ਪੱਧਰ ’ਤੇ ਐੱਨਆਰਸੀ ਲਿਆਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਘੁੱਸਪੈਠੀਆਂ ਬਾਰੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ। ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ, ਬਿਹਾਰ ਤੇ ਝਾਰਖੰਡ ਲਈ ਕਾਂਗਰਸ ਸਰਕਾਰ ਨੇ 13ਵੇਂ ਵਿੱਤ ਕਮਿਸ਼ਨ ਤਹਿਤ ਸਿਰਫ਼ ਚਾਰ ਲੱਖ ਕਰੋੜ ਹੀ ਦਿੱਤੇ ਸਨ ਜਦੋਂਕਿ ਐੱਨਡੀਏ ਦੀ ਸਰਕਾਰ ਨੇ 13 ਲੱਖ 80 ਹਜ਼ਾਰ ਕਰੋੜ ਰੁਪਏ ਪੂਰਵਾਂਚਲ ਖੇਤਰ ਲਈ ਦਿੱਤੇ ਹਨ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਦਾ ਇੱਕ ਹੀ ਮੰਤਰ ਹੈ ਕਿ ਉਹ ਝੂਠ ਬੋਲਦੇ ਹਨ, ਜ਼ੋਰ-ਸ਼ੋਰ ਨਾਲ, ਜਤਨਕ ਤੌਰ ’ਤੇ ਅਤੇ ਵਾਰ-ਵਾਰ ਬੋਲਦੇ ਹਨ। ਉਨ੍ਹਾਂ ਸ੍ਰੀ ਕੇਜਰੀਵਾਲ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਕਿ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ 2014 ਵਾਂਗ ਮੁੜ ਭਾਜਪਾ ਜਿੱਤੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਪੂਰਵਾਂਚਲੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦੌਰਾਨ ਭਾਜਪਾ ਦੀ ਦਿੱਲੀ ਰਾਜ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਦੇ 15 ਸਾਲਾਂ ਦੇ ਰਾਜ ਦੌਰਾਨ ਕੱਚੀਆਂ ਕਲੋਨੀਆਂ ਪੱਕੀਆਂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਅੱਜ ਭੁੱਖ ਨਾਲ ਧੀਆਂ ਮਰ ਰਹੀਆਂ ਹਨ ਤੇ ਦਿੱਲੀ ਸਰਕਾਰ ਨੂੰ ਬੰਗਲਾਦੇਸ਼ੀਆਂ ਤੇ ਰੋੋਹਿੰਗੀਆਂ ਦੀ ਪਈ ਹੈ। ਤਾਲਾਬੰਦੀ ਦਾ ਠੀਕਰਾ ਵੀ ਉਨ੍ਹਾਂ ਨੇ ਕੇਜਰੀਵਾਲ ਸਰਕਾਰ ਦੇ ਸਿਰ ’ਤੇ ਭੰਨ੍ਹਿਆ। ਇਸ ਮੌਕੇ ਭਾਜਪਾ ਦੇ ਕਈ ਸੰਸਦ ਮੈਂਬਰ ਤੇ ਪੂਰਵਾਂਚਲ ਦੇ ਆਗੂ ਹਾਜ਼ਰ ਸਨ।

Facebook Comment
Project by : XtremeStudioz