Close
Menu

‘ਆਪ’ ਦਾ ਛੋਟੇਪੁਰ ਨੂੰ ਮਨਾਉਣ ਲਈ ਵੱਡਾ ਹੰਭਲਾ

-- 19 September,2018

ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਵੱਲੋਂ ਪਾਰਟੀ ਦੇ ਨਾਰਾਜ਼ ਅਤੇ ਕੱਢੇ ਹੋਏ ਆਗੂਆਂ ਦੀ ਘਰ ਵਾਪਸੀ ਲਈ ਚਲਾਈ ਮੁਹਿੰਮ ਦੇ ਤਹਿਤ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨਾਲ ਹੋਈ ਮੀਟਿੰਗ ਨਿਰਾਸ਼ਾਜਨਕ ਮੰਨੀ ਜਾ ਰਹੀ ਹੈ। ਪਾਰਟੀ ਸੂਤਰਾਂ ਮੁਤਾਬਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਮਹਿਲਾ ਆਗੂ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਕਰਨਵੀਰ ਸਿੰਘ ਟਿਵਾਣਾ, ਮਨਜੀਤ ਸਿੰਘ ਬਿੱਟੀ ਅਤੇ ਹੋਰ ਆਗੂ ਸ਼ਾਮਲ ਸਨ। ਮੁਹਾਲੀ ਵਿੱਚ ਸ੍ਰੀ ਛੋਟੇਪੁਰ ਦੇ ਘਰ ਹੋਈ ਮੀਟਿੰਗ ਦੌਰਾਨ ਉਨ੍ਹਾਂ ਆਪ ਦੇ ਨੇਤਾਵਾਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਅਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਪਾਰਟੀ ਦੀ ਲੀਡਰਸ਼ਿਪ ਦੀ ਕਾਰਗੁਜ਼ਾਰੀ ’ਤੇ ਵੀ ਟਿੱਪਣੀਆਂ ਕੀਤੀਆਂ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਉਨ੍ਹਾਂ (ਛੋਟੇਪੁਰ) ’ਤੇ ਝੂਠੇ ਦੋਸ਼ ਲਾ ਕੇ ਕੱਢ ਦਿੱਤਾ ਗਿਆ ਸੀ ਤਾਂ ਨਾ ਕੇਵਲ ਪਾਰਟੀ ਸਗੋਂ ਪੰਜਾਬ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਾਲੰਟੀਅਰਾਂ ਅਤੇ ਨੇਤਾਵਾਂ ਨੇ ਦਿਨ ਰਾਤ ਮਿਹਨਤ ਕਰ ਕੇ ਪਾਰਟੀ ਦੇ ਪੱਖ ਵਿੱਚ ਮਾਹੌਲ ਸਿਰਜ ਦਿੱਤਾ ਸੀ ਪਰ ਜਦੋਂ ਸੀਨੀਅਰ ਆਗੂਆਂ ਨੂੰ ਹੀ ਛਾਂਗਣਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਵਿੱਚ ਗ਼ਲਤ ਸੰਦੇਸ਼ ਗਿਆ ਜਿਸ ਦਾ ਖਮਿਆਜਾ ਸਭ ਨੂੰ ਹੀ ਭੁਗਤਣਾ ਪਿਆ। ਉਨ੍ਹਾਂ ਪੁੱਛਿਆ ‘‘ ਮੇਰਾ ਜੋ ਨੁਕਸਾਨ ਹੋਇਆ, ਉਸ ਦੀ ਭਰਪਾਈ ਕੌਣ ਕਰੇਗਾ ਤੇ ਕਿਵੇਂ ਹੋਵੇਗੀ?’’ ਆਪ ਨੇਤਾਵਾਂ ਨੇ ਠੰਢ ਠੰਢਾਅ ਦੇ ਯਤਨ ਕਰਦਿਆਂ ਕਿਹਾ ਕਿ ਉਸ ਸਮੇਂ ਪਾਰਟੀ ਤੋਂ ਗਲਤੀਆਂ ਹੋਈਆਂ ਹਨ ਤੇ ਇਸ ਵਿੱਚ ਇਹ ਗਲਤੀ ਵੀ ਸੀ ਪਰ ਹੁਣ ਜੇਕਰ ਸਾਰੇ ਇਕੱਠੇ ਹੋ ਕੇ ਚੱਲੀਏ ਤਾਂ ਬਿਹਤਰ ਨਤੀਜੇ ਆ ਸਕਦੇ ਹਨ। ‘ਆਪ’ ਆਗੂ ਪੁਰਾਣੀਆਂ ਗੱਲਾਂ ਤੇ ਮੱਤਭੇਦ ਭੁਲਾਉਣ ਦੀਆਂ ਬੇਨਤੀਆਂ ਕਰਦੇ ਰਹੇ। ਪੰਜਾਬ ਵਿੱਚ ਪਾਟੋਧਾੜ ਹੋਣ ਤੋਂ ਬਾਅਦ ‘ਆਪ’ ਨੇ ਪੁਰਾਣੇ ਆਗੂਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੁੱਸੇ ਆਗੂਆਂ ਅਤੇ ਬਾਗ਼ੀਆਂ ਨੂੰ ਵਾਪਸ ਲਿਆਉਣ ਲਈ ਕਿਹਾ ਸੀ। ਉਧਰ ਆਪ ਦੇ ਇੱਕ ਆਗੂ ਦਾ ਕਹਿਣਾ ਹੈ ਕਿ ਇਹ ਪਹਿਲੀ ਮੀਟਿੰਗ ਸੀ ਤੇ ਜ਼ਾਹਰਾ ਤੌਰ ’ਤੇ ਸ੍ਰੀ ਛੋਟੇਪੁਰ ਨੇ ਆਪਣਾ ਗੁੱਸਾ ਕੱਢਣਾ ਹੀ ਸੀ। ਇਸ ਆਗੂ ਦਾ ਕਹਿਣਾ ਹੈ ਕਿ ਪਾਰਟੀ ਵਿੱਚੋਂ ਬਾਹਰ ਗਏ ਆਗੂਆਂ ਨੂੰ ਪਾਰਟੀ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਵੀ ‘ਆਪ’ ਵਿੱਚ ਲਿਆਉਣ ਦੇ ਯਤਨ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸ੍ਰੀ ਛੋਟੇਪੁਰ ਨੂੰ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਦੇ ਦੇ ਰੂਪ ਵਿੱਚ ਦੋ ਲੱਖ ਰੁਪਏ ਲੈਣ ਦਾ ਦੋਸ਼ ਲਾ ਕੇ ਬਰਤਰਫ਼ ਦਿੱਤਾ ਗਿਆ ਸੀ।

Facebook Comment
Project by : XtremeStudioz