Close
Menu

‘ਆਪ’ ਦੇ ਦੋ ਵਿਧਾਇਕਾਂ ਨੂੰ ਤਿਹਾੜ ਭੇਜਿਆ

-- 22 February,2018

ਨਵੀਂ ਦਿੱਲੀ, 22 ਫਰਵਰੀ
ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਅੱਜ ਦਿੱਲੀ ਪੁਲੀਸ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਮਾਨਤਉੱਲ੍ਹਾ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਦੋਵੇਂ ਵਿਧਾਇਕਾਂ ਨੂੰ ਵੀਰਵਾਰ ਤਕ ਲਈ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਕੱਲ ਹੀ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਬਾਰੇ ਫ਼ੈਸਲਾ ਲਿਆ ਜਾਵੇਗਾ ਕਿਉਂਕਿ ਪੁਲੀਸ ਨੇ ਉਸ ’ਤੇ ਜਵਾਬ ਦੇਣ ਲਈ ਸਮਾਂ ਮੰਗਿਆ ਹੈ। ਮੈਟਰੋਪਾਲਿਟਨ ਮੈਜਿਸਟਰੇਟ ਸ਼ੇਫਾਲੀ ਬਰਨਾਲਾ ਟੰਡਨ ਨੇ ਸਬੰਧਤ ਡਿਪਟੀ ਕਮਿਸ਼ਨਰ ਆਫ਼ ਪੁਲੀਸ ਨੂੰ ਨਿੱਜੀ ਤੌਰ ’ਤੇ ਇਸ ਅਤਿ ਨਾਜ਼ੁਕ ਮਾਮਲੇ ਦੀ ਨਿਗਰਾਨੀ ਕਰਨ ਲਈ ਕਿਹਾ ਹੈ। ਪਹਿਲਾਂ ਪੁਲੀਸ ਨੇ ਵਿਧਾਇਕਾਂ ਦੇ ਦੋ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਇਨਕਾਰ ਕਰਦਿਆਂ ਕਿਹਾ ਕਿ ਦੋਵੇਂ ਵਿਧਾਇਕ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹਨ। ਵਿਧਾਇਕਾਂ ਦੇ ਵਕੀਲ ਨੇ ਇਸ ਨੂੰ ਸਿਆਸੀ ਬਦਲਾਖੋਰੀ ਦਾ ਮਾਮਲਾ ਦੱਸਿਆ।
ਉਧਰ ਦਿੱਲੀ ਹਾਈ ਕੋਰਟ ਨੇ ਇਸ ਸਬੰਧੀ ਵਕੀਲ ਕੇ ਐਸ ਵਾਹੀ ਵੱਲੋਂ ਪਾਈ ਗਈ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪੁਲੀਸ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਫ਼ੈਸਲੇ ਤਕ ਪੁੱਜਣ ਦੀ ਉਡੀਕ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਦਿੱਲੀ ਦੇ ਆਈਏਐਸ ਅਧਿਕਾਰੀਆਂ ਦੀ ਮੁਹਿੰਮ ਨੂੰ ਉਦੋਂ ਧੱਕਾ ਲੱਗਾ ਜਦੋਂ ਰਾਸ਼ਟਰਪਤੀ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਮੈਡੀਕਲ ਰਿਪੋਰਟ ਮੁਤਾਬਕ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਬੁੱਲਾਂ  ਅਤੇ ਕੰਨਾਂ ਪਿੱਛੇ ਸੋਜ਼ਿਸ਼ ਸੀ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੀ ਰਿਪੋਰਟ ਭੇਜ ਦਿੱਤੀ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲਾ ਰਿਪਰੋਟ ਨੂੰ ਘੋਖ ਰਿਹਾ ਹੈ।

ਦਲਿਤ ਅਤੇ ਘੱਟ ਗਿਣਤੀ ਹੋਣ ਕਾਰਨ ਵਿਧਾਇਕਾਂ ਨੂੰ ਨਿਸ਼ਾਨਾ ਬਣਾਇਆ: ਆਪ 
‘ਆਪ’ ਆਗੂ ਆਸ਼ੂਤੋਸ਼ ਨੇ ਦੋਸ਼ ਲਗਾਇਆ ਕਿ ਦੋਵੇਂ ਵਿਧਾਇਕ ਦਲਿਤ ਅਤੇ ਘੱਟ ਗਿਣਤੀ ਹੋਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੂੰ ਅਸਥਿਰ ਕਰਨ ਲਈ ਸਾਜ਼ਿਸ਼ ਰਚੀ ਗਈ ਹੈ।

Facebook Comment
Project by : XtremeStudioz