Close
Menu

ਆਰਸੀਬੀ ਵੱਲੋਂ ਪੰਜਾਬ ਨੂੰ ਦਸ ਵਿਕਟਾਂ ਦੀ ਸ਼ਿਕਸਤ

-- 15 May,2018

ਇੰਦੌਰ, 15 ਮਈ
ਉਮੇਸ਼ ਯਾਦਵ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਬਿਹਤਰੀਨ ਪ੍ਰਦਰਸ਼ਨ ਮਗਰੋਂ ਕਪਤਾਨ ਵਿਰਾਟ ਕੋਹਲੀ ਤੇ ਪਾਰਥਿਵ ਪਟੇਲ ਦੀ ਤੂਫ਼ਾਨੀ ਬੱਲੇਬਾਜ਼ੀ ਦੀ ਬਦੌਲਤ ਰੌਇਲ ਚੈਲੇਂਜਰਜ਼ ਬੰਗਲੌਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਦੀ ਸ਼ਿਕਸਤ ਦਿੰਦਿਆਂ ਨਾਕਆਊਟ ਗੇੜ ’ਚ ਥਾਂ ਬਣਾਉਣ ਦੀਆਂ ਆਪਣੀਆਂ ਆਸਾਂ ਨੂੰ ਜਿਊਂਦਾ ਰੱਖਿਆ ਹੈ।
ਉਮੇਸ਼ ਨੇ ਚਾਰ ਓਵਰਾਂ ਵਿੱਚ 23 ਦੌੜਾਂ ਬਦਲੇ ਤਿੰਨ ਵਿਕਟ ਲਏ। ਯੁਜ਼ਵੇਂਦਰ ਚਾਹਲ, ਕੋਲਿਨ ਡੀ ਗ੍ਰੈਂਡਹੋਮ, ਮੁਹੰਮਦ ਸਿਰਾਜ ਤੇ ਮੋਈਨ ਅਲੀ ਦੇ ਹਿੱਸੇ ਇਕ ਇਕ ਵਿਕਟ ਆਇਆ ਤੇ ਇਨ੍ਹਾਂ ਦੀ ਕਿਫ਼ਾਇਤੀ ਗੇਂਦਬਾਜ਼ੀ ਸਦਕਾ ਪੰਜਾਬ ਦੀ ਪੂਰੀ ਪਾਰੀ 15.1 ਓਵਰਾਂ ਵਿੱਚ 88 ਦੌੜਾਂ ’ਤੇ ਸਿਮਟ ਗਈ। ਇਹ ਆਈਪੀਐਲ ਦੇ ਇਸ ਸੀਜ਼ਨ ਦਾ ਕਿਸੇ ਟੀਮ ਵੱਲੋਂ ਬਣਾਇਆ ਦੂਜਾ ਸਭ ਤੋਂ ਘੱਟ ਸਕੋਰ ਹੈ। ਆਰਸੀਬੀ ਲਈ ਕਪਤਾਨ ਕੋਹਲੀ ਨੇ 28 ਗੇਂਦਾਂ ’ਚ ਨਾਬਾਦ 48 (ਚਾਰ ਚੌਕੇ ਤੇ ਦੋ ਛੱਕੇ) ਅਤੇ ਪਾਰਥਿਵ ਪਟੇਲ ਨੇ 22 ਗੇਂਦਾਂ ਵਿੱਚ ਨਾਬਾਦ 40 ਦੌੜਾਂ (ਸੱਤ ਚੌਕੇ) ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਪੰਜਾਬ ਦਾ ਕੋਈ ਵੀ ਬੱਲੇਬਾਜ਼ 30 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ’ਚ ਨਾਕਾਮ ਰਿਹਾ। ਟੀਮ ਲਈ ਆਰੋਨ ਫਿੰਚ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ। ਇਸ ਜਿੱਤ ਨਾਲ ਆਰਸੀਬੀ ਦੇ 12 ਮੈਚਾਂ ਵਿੱਚ ਪੰਜ ਜਿੱਤਾਂ ਨਾਲ 10 ਅੰਕ ਹੋ ਗਏ ਹਨ।

Facebook Comment
Project by : XtremeStudioz