Close
Menu

ਆਸਟਰੇਲੀਅਨ ਅਮੀਰਾਂ ਦੀ ਸੂਚੀ ਵਿੱਚ ਵਿਵੇਕ ਸਹਿਗਲ ਸ਼ੁਮਾਰ

-- 24 May,2018

ਮੈਲਬਰਨ, 24 ਮਈ
ਭਾਰਤੀ ਮੂਲ ਦੇ ਆਸਟਰੇਲੀਅਨ ਨਾਗਰਿਕ ਵਿਵੇਕ ਸਹਿਗਲ ਨੇ ਮੁਲਕ ਦੇ ਪਹਿਲੇ ਦਸ ਅਮੀਰਾਂ ਦੀ ਸੂਚੀ ਵਿੱਚ ਨੌਵਾਂ ਸਥਾਨ ਹਾਸਲ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਮੂਲ ਦੇ ਕਿਸੇ ਵਪਾਰੀ ਦਾ ਨਾਂ ਸੂਚੀ ਦੇ ਪਹਿਲੇ ਦਸ ਨਾਵਾਂ ਵਿੱਚ ਸ਼ੁਮਾਰ ਹੋਇਆ ਹੋਵੇ।
ਵਿਵੇਕ ਸਹਿਗਲ ਕਰੀਬ ਛੇ ਅਰਬ ਡਾਲਰ ਦੀ ਪੂੰਜੀ ਦਾ ਮਾਲਕ ਹੈ ਅਤੇ ਵਿਸ਼ਵ ਪੱਧਰ ਉੱਤੇ ਕਾਰ ਪੁਰਜ਼ਿਆਂ ਦੇ ਕਾਰੋਬਾਰ ਵਿੱਚ ਕੰਪਨੀਆਂ ਦਾ ਮਾਲਕ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ਉੱਤੇ ਸਮਵਰਧਨ ਮਦਰਸਨ ਗਰੁੱਪ ਪ੍ਰਮੁੱਖ ਹੈ। ਕਰੀਬ 41 ਮੁਲਕਾਂ ਵਿੱਚ ਫੈਲੇ ਇਸ ਗਰੁੱਪ ਦੀ ਆਮਦਨੀ 9.1 ਅਰਬ ਅਮਰੀਕੀ ਡਾਲਰ ਹੈ। 2018 ਦੇ ਸਥਾਨਕ ਕੌਮੀ ਰਸਾਲੇ ਦੀ ਇਹ ਸੂਚੀ ਮੁਲਕ ਦੇ ਅਮੀਰਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਆਸਟਰੇਲੀਅਨ ਨਾਗਰਿਕ ਅਤੇ ਹੁਣ ਨੋਇਡਾ ਵਿੱਚ ਰਹਿ ਰਹੇ ਸਹਿਗਲ ਦਾ ਸਮਵਰਧਨ ਮਦਰਸਨ ਗਰੁੱਪ 1975 ਵਿੱਚ ਹੋਂਦ ਵਿੱਚ ਆਇਆ ਸੀ। ਆਸਟਰੇਲੀਆ ਵਿੱਚ ਮਦਰਸਨ ਇੰਟਰਨੈਸ਼ਨਲ ਦੇ ਡਾਇਰੈਕਟਰ ਵਜੋਂ 1994 ਵਿੱਚ ਸੂਚੀਬੱਧ ਹੋਇਆ ਸਹਿਗਲ ਹੁਣ ਮੈਲਬਰਨ ਦੇ ਪੂਰਬੀ ਖੇਤਰ ਵਿੱਚ ਚੱਲਦੇ ਕਾਰਾਂ ਦੇ ਪਲਾਸਟਿਕ ਡਿਜ਼ਾਈਨਾਂ ਨਾਲ ਸਬੰਧਿਤ ਏ.ਬੀ.ਸੀ. ਡਿਜ਼ਾਈਨਜ਼ ਦਾ 2007 ਤੋਂ ਮੁਖੀ ਹੈ। ਇਸ ਤੋਂ ਇਲਾਵਾ ਉਸਦਾ ਵਿਕਟੋਰੀਆ ਦੇ ਖੇਤਰੀ ਸ਼ਹਿਰ ਬੈਂਡਿਗੋ ਵਿੱਚ ਰਬੜ ਦਾ ਕਾਰੋਬਾਰ, ਸਾਊਥ ਆਸਟਰੇਲੀਆ ਦੇ ਲੌਂਸਡੇਲ ਵਿੱਚ ਵਿੱਤੀ ਸਾਲ 2016 ਦੌਰਾਨ 9.23 ਮਿਲੀਅਨ ਡਾਲਰ ਦਾ ਮੁਨਾਫ਼ਾ ਦਰਜ ਕਰਵਾਉਣ ਵਾਲੀ ਆਟੋਮੋਟਿਵ ਫੈਕਟਰੀ ਦਾ ਵਪਾਰ ਸ਼ਾਮਲ ਹਨ।

Facebook Comment
Project by : XtremeStudioz