Close
Menu

ਆਸਟਰੇਲੀਆ ਨੇ ਗੈਰਕਾਨੂੰਨੀ ਪਰਵਾਸ ’ਚ ਸਖ਼ਤੀ ਦਾ ਦਾਅਵਾ ਦੁਹਰਾਇਆ

-- 16 July,2018

ਸਿਡਨੀ, ਆਸਟਰੇਲੀਆ ਨੇ ਮੁਲਕ ਵਿੱਚ ਗੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਪਰਵਾਸੀਆਂ ਦੇ ਮਾਮਲੇ ਵਿੱਚ ਸਖ਼ਤੀ ਵਰਤਣ ਦਾ ਸੰਕਲਪ ਦੁਹਰਾਇਆ ਹੈ। ਆਸਟਰੇਲੀਆ ਦੇ ਗ੍ਰਹਿ ਤੇ ਪਰਵਾਸ ਮਾਮਲਿਆ ਬਾਰੇ ਮੰਤਰੀ ਪੀਟਰ ਡਟਨ ਨੇ ਕਿਹਾ ਕਿ ਜਿਹੜੇ ਲੋਕ ਗੈਰਕਾਨੂੰਨੀ ਢੰਗ ਨਾਲ ਹਵਾਈ ਤੇ ਸਮੁੰਦਰੀ ਰਸਤੇ ਮੁਲਕ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ, ਉਨ੍ਹਾਂ ਲਈ ਸਾਰੇ ਰਾਹ ਬੰਦ ਹਨ। ਮਨੁੱਖੀ ਤਸਕਰ ਕਿਸੇ ਭੁਲੇਖੇ ਦਾ ਸ਼ਿਕਾਰ ਨਾ ਹੋਣ ਕਿ ਉਨ੍ਹਾਂ ਵੱਲੋਂ ਭੇਜੇ ਜਾਣ ਵਾਲਿਆਂ ਨਾਲ ਹਮਦਰਦੀ ਦਾ ਵਤੀਰਾ ਧਾਰਨ ਕਰਕੇ ਸ਼ਰਨ ਦਿੱਤੀ ਜਾਵੇਗੀ। ਉਨ੍ਹਾਂ ਭੋਲੇ-ਭਾਲੇ ਲੋਕਾਂ ਨੂੰ ਧੋਖੇਬਾਜ਼ ਏਜੰਟਾਂ ਤੋਂ ਬਚਣ ਲਈ ਖਬਰਦਾਰ ਕੀਤਾ।
ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਐਂਡ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਸਮੁੰਦਰੀ ਬੰਦਰਗਾਹਾਂ ਅਤੇ ਹਵਾਈ ਅੱਡਿਆ ’ਤੇ ਚੌਕਸੀ ਹੋਰ ਵਧਾ ਦਿੱਤੀ ਹੈ। ਵਿਭਾਗ ਨੂੰ ਪਿਛਲੇ ਦਿਨੀਂ ਸੂਚਨਾ ਮਿਲੀ ਸੀ ਕਿ ਗੈਰਕਾਨੂੰਨੀ ਢੰਗ ਨਾਲ ਪਰਵਾਸ ਹੋਣ ਵਾਲਾ ਹੈ। ਮੰਤਰੀ ਨੇ ਕਿਹਾ ਕਿ ਜੂਨ ਵਿੱਚ ਉੱਤਰੀ ਆਸਟਰੇਲੀਆ ਦੇ ਸਮੁੰਦਰੀ ਖੇਤਰ ਵਿੱਚ ਰਾਇਲ ਆਸਟਰੇਲੀਅਨ ਨੇਵੀ ਨੇ ਤਿੰਨ ਇੰਡੋਨੇਸ਼ੀਆ ਦੇ ਚਾਲਕ ਦਲ ਦੇ ਮੈਂਬਰਾਂ ਨਾਲ ਚੀਨ ਦੇਸ਼ ਦੇ ਸੱਤ ਨਾਗਰਿਕਾਂ ਨੂੰ ਰੋਕਿਆ। ਉਹ ਆਸਟਰੇਲੀਆ ਵਿੱਚ ਦਾਖਲ ਹੋਣ ਦੀ ਤਾਕ ਵਿਚ ਸਨ। ਸਰਕਾਰ ਦੀਆਂ ਸਖਤ ਹਦਾਇਤਾਂ ਕਾਰਨ ਨੇਵੀ ਨੇ ਉਨ੍ਹਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ। ਪੀਟਰ ਡਟਨ ਨੇ ਦੱਸਿਆ ਕਿ ਸਾਲ 2013 ਦੇ ਅਖੀਰ ਤੋਂ ਲੈ ਕੇ ਹੁਣ ਤੱਕ 30 ਕਿਸ਼ਤੀਆਂ ਰਾਹੀਂ 765 ਲੋਕ ਮੁਲਕ ਵਿੱਚ ਦਾਖਲ ਹੋਣ ਲਈ ਆਏ ਸਨ, ਜੋ ਵਾਪਸ ਕਰ ਦਿੱਤੇ ਗਏ ਹਨ। ਆਸਟਰੇਲੀਆ ਹੇਠਲੇ ਛੋਟੇ ਟਾਪੂ ’ਤੇ ਗੈਰਕਾਨੂੰਨੀ ਢੰਗ ਨਾਲ ਆਏ ਲੋਕਾਂ ਨੂੰ ਵਸਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਇਸ ਲਈ ਬਿਹਤਰ ਹੋਵੇਗਾ ਕਿ ਗੈਰਕਾਨੂੰਨੀ ਢੰਗ ਨਾਲ ਆਏ ਲੋਕ ਆਪਣੇ ਮੁਲਕ ਵਾਪਸ ਪਰਿਵਾਰ ਕੋਲ ਪਰਤ ਜਾਣ।

Facebook Comment
Project by : XtremeStudioz