Close
Menu

ਇਨਸਾਫ਼ ਦੀ ਥਾਂ ਵਾਰ-ਵਾਰ ਜ਼ਖ਼ਮਾਂ ‘ਤੇ ਨਮਕ ਛਿੜਕ ਰਹੀ ਹੈ ਕਾਂਗਰਸ-ਹਰਪਾਲ ਸਿੰਘ ਚੀਮਾ

-- 13 December,2018

ਆਪ’ ਨੇ 1984 ਨਸਲਕੁਸ਼ੀ ਦੇ ਦੋਸ਼ੀ ਕਮਲ ਨਾਥ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ

ਰਾਹੁਲ, ਕੈਪਟਨ ਅਤੇ ਜਾਖੜ ਤੋਂ ਮੰਗਿਆ ਸਪਸ਼ਟੀਕਰਨ

ਚੰਡੀਗੜ੍ਹ, 13 ਦਸੰਬਰ 2018

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 1984 ‘ਚ ਸਿੱਖ ਨਸਲਕੁਸ਼ੀ ਦੇ ਦੋਸ਼ੀ ਕਮਲ ਨਾਥ ਸਿਰ ਕਾਂਗਰਸ ਵੱਲੋਂ ‘ਮੁੱਖ ਮੰਤਰੀ ਦਾ ਤਾਜ’ ਰੱਖੇ ਜਾਣ ਦੀ ਤਿਆਰੀ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਕਾਂਗਰਸ ਪੀੜਿਤ ਸਿੱਖ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਥਾਂ ਵਾਰ-ਵਾਰ ਜ਼ਖ਼ਮਾਂ ‘ਤੇ ਨਮਕ ਛਿੜਕ ਰਹੀ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਮਲ ਨਾਥ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਸ਼ਾਮਲ ਸੀ। ਨਾਨਾਵਤੀ ਕਮਿਸ਼ਨ ਸਮੇਤ ਮੀਡੀਆ ਅਤੇ ਦੋ ਨਿਆਇਕ ਜਾਂਚ ‘ਚ ਕਮਲ ਨਾਥ ਦੀ ਸਪਸ਼ਟ ਸ਼ਮੂਲੀਅਤ ਤੱਥਾਂ-ਸਬੂਤਾਂ ਸਹਿਤ ਸਾਹਮਣੇ ਆਈ ਹੈ, ਪਰੰਤੂ ਨਾ ਤਾਂ ਕਾਂਗਰਸ ਅਤੇ ਨਾ ਹੀ ਕੇਂਦਰ ‘ਚ ਕਰੀਬ 10 ਸਾਲ ਸੱਤਾ ਭੋਗਣ ਵਾਲੀ ਭਾਜਪਾ-ਅਕਾਲੀ ਦਲ ਦੀ ਸਰਕਾਰ ਨੇ ਕਮਲ ਨਾਥ ਨੂੰ ਹੱਥ ਪਾਉਣ ਹਿੰਮਤ ਦਿਖਾਈ। ਉਲਟਾ ਕਾਂਗਰਸ ਵੱਲੋਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਾਂਗ ਕਮਲ ਨਾਥ ਨੂੰ ਵੱਡੇ-ਵੱਡੇ ਰੁਤਬਿਆਂ ਨਾਲ ਨਿਵਾਜ ਕੇ ਸਿੱਖਾਂ ਸਮੇਤ ਸਮੁੱਚੇ ਇਨਸਾਫ਼ ਪਸੰਦ ਲੋਕਾਂ ਦਾ ਵਾਰ-ਵਾਰ ਮੂੰਹ ਚਿੜਾਇਆ ਜਾ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਰਿਪੋਰਟ ‘ਚ ਸਪਸ਼ਟ ਦਰਜ਼ ਹੈ ਕਿ ਪਹਿਲੀ ਨਵੰਬਰ 1984 ਨੂੰ ਕਮਲ ਨਾਥ ਉਸ 4000 ਲੋਕਾਂ ਦੀ ਹਮਲਾਵਰ ਭੀੜ ਦੀ ਅਗਵਾਈ ਕਰ ਰਿਹਾ ਸੀ, ਜਿਸ ਨੇ ਗੁਰਦੁਆਰਾ ਸ੍ਰੀ ਰਕਾਬਗੰਜ ਉੱਤੇ ਹਮਲਾ ਕਰ ਕੇ ਸਾੜ ਫ਼ੂਕ ਕੀਤੀ ਅਤੇ ਨਿਰਦੋਸ਼ ਲੋਕਾਂ ਦੀ ਜਾਨ ਲਈ। ਚੀਮਾ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਨੇ ਆਪਣੀ ਅੰਤਿਮ ਰਿਪੋਰਟ ‘ਚ ਕਮਲ ਨਾਥ ਨੂੰ ਕਲੀਨ ਚਿੱਟ ਨਹੀਂ ਦਿੱਤੀ। ਇੱਥੋਂ ਤੱਕ ਕਿ ਪ੍ਰਸਿੱਧ ਪੱਤਰਕਾਰ ਸੰਜੇ ਸੂਰੀ ਨੇ ਜਿੱਥੇ ਨਾਨਾਵਤੀ ਕਮਿਸ਼ਨ ਕੋਲ ਕਮਲ ਨਾਲ ਦੀ ਸ਼ਮੂਲੀਅਤ ਤਾਕੀਦ ਕੀਤੀ ਉੱਥੇ ਸੂਰੀ ਨੇ ਮਿਸਰਾ ਕਮਿਸ਼ਨ ਕੋਲ ਹਲਫ਼ੀਆ ਬਿਆਨ ਦੇ ਕੇ ਕਮਲ ਨਾਥ ‘ਤੇ ਆਪਣੇ ਦੋਸ਼ਾਂ ਦੀ ਪੁਸ਼ਟੀ ਕੀਤੀ। ਮੌਕੇ ਦੇ ਗਵਾਹ ਅਤੇ ਪੀੜਤ ਮੁਖ਼ਤਿਆਰ ਸਿੰਘ ਨੇ ਵੀ ਇਹੋ ਦੋਸ਼ ਲਗਾਏ ਕਿ ਕਮਲ ਨਾਥ ਹਮਲਾਵਰ ਭੀੜ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਦੇ ਰਿਹਾ ਸੀ। ਇੱਥੋਂ ਤੱਕ ਕਿ 2 ਨਵੰਬਰ 1984 ਨੂੰ ਅੰਗਰੇਜ਼ੀ ਦੇ ਇੱਕ ਵੱਡੇ ਅਖ਼ਬਾਰ ‘ਚ ਖ਼ਬਰ ਛਪੀ ਜਿਸ ‘ਚ ਕਮਲ ਨਾਥ ਦੀ ਉੱਥੇ 2 ਘੰਟੇ ਮੌਜੂਦਗੀ ਦੱਸੀ ਗਈ। ਇਨ੍ਹਾਂ ਸਬੂਤਾਂ-ਤੱਥਾਂ ਦੇ ਆਧਾਰ ‘ਤੇ ਕਮਲ ਨਾਥ ਵੱਲੋਂ 20 ਸਾਲ ਬਾਅਦ ਦਿੱਤੀ ਸਫ਼ਾਈ ਨੂੰ ਰੱਦ ਕਰ ਦਿੱਤਾ ਸੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਵਜੂਦ ਇਸ ਦੇ ਕਾਂਗਰਸ ਕਮਲ ਨਾਥ ਵਰਗੇ ਦਾਗ਼ੀ ਨੇਤਾਵਾਂ ਨੂੰ ਇੱਕ ਤੋਂ ਵੱਧ ਕੇ ਇੱਕ ਸਨਮਾਨ ਨਾਲ ਨਿਵਾਜ ਰਹੀ ਹੈ। ਆਮ ਆਦਮੀ ਪਾਰਟੀ ਇਸ ਦੀ ਨਿਖੇਧੀ ਅਤੇ ਵਿਰੋਧ ਕਰਦੀ ਹੈ। ਚੀਮਾ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਮੰਗ ਕੀਤੀ ਕਿ ਉਹ ਕਮਲ ਨਾਥ ਨੂੰ ਮੁੱਖ ਮੰਤਰੀ ਨਾ ਬਣਾਉਣ। ਇਸਦੇ ਨਾਲ ਹੀ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਬਿਨਾ ਹੋਰ ਦੇਰੀ ਕਮਲ ਨਾਥ ਵਿਰੁੱਧ ਕੇਸ ਰੀ-ਓਪਨ ਕਰ ਕੇ ਸਮਾਂਬੱਧ ਜਾਂਚ ਕਰਵਾਉਣ ਤਾਂ ਕਿ ਦੋਸ਼ੀ ਨੂੰ ਬਣਦੀ ਸਜਾ ਅਤੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।

ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਵੀ ਸਫ਼ਾਈ ਮੰਗੀ। ਇਹ ਵੀ ਸਪਸ਼ਟੀਕਰਨ ਮੰਗਿਆ ਗਿਆ ਕਿ ਜੇਕਰ ਕਮਲ ਨਾਥ ਸੱਚਮੁੱਚ ਪਾਕ-ਸਾਫ਼ ਹਨ ਤਾਂ ਕਾਂਗਰਸ 2016 ‘ਚ ਕਮਲ ਨਾਥ ਨੂੰ ਪੰਜਾਬ ਦਾ ਇੰਚਾਰਜ ਬਣਾਏ ਜਾਣ ਦਾ ਫ਼ੈਸਲਾ ਵਾਪਸ ਕਿਉਂ ਲਿਆ ਸੀ?

Facebook Comment
Project by : XtremeStudioz