Close
Menu

ਇਮਰਾਨ ਖ਼ਾਨ ਦੀ ਭੈਣ ਨੂੰ 2940 ਕਰੋੜ ਰੁਪਏ ਅਦਾ ਕਰਨ ਦੇ ਹੁਕਮ

-- 13 December,2018

ਇਸਲਾਮਾਬਾਦ, 13 ਦਸੰਬਰ
ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖਾਨੁਮ ਨੂੰ ਵਿਦੇਸ਼ ’ਚ ਸੰਪਤੀ ਦੇ ਕੇਸ ’ਚ ਹਫ਼ਤੇ ਦੇ ਅੰਦਰ ਅੰਦਰ 2940 ਕਰੋੜ ਰੁਪਏ ਟੈਕਸ ਅਤੇ ਜੁਰਮਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਤਿੰਨ ਜੱਜਾਂ ਦੇ ਬੈਂਚ ਨੇ ਹਦਾਇਤ ਕੀਤੀ ਕਿ ਜੇਕਰ ਖਾਨਮ ਨੇ ਹੁਕਮ ਅਦੂਲੀ ਕੀਤੀ ਤਾਂ ਉਸ ਦੀ ਸੰਪਤੀ ਨੂੰ ਜ਼ਬਤ ਕਰ ਲਿਆ ਜਾਵੇਗਾ। ਸੁਪਰੀਮ ਕੋਰਟ ਵੱਲੋਂ 44 ਸਿਆਸੀ ਹਸਤੀਆਂ ਖ਼ਿਲਾਫ਼ ਯੂਏਈ ’ਚ ਜਾਇਦਾਦ ਬਣਾਉਣ ਦੇ ਕੇਸ ਦੀ ਸੁਣਵਾਈ ਕੀਤੀ ਜਾ ਰਹੀ ਹੈ। ਸੰਘੀ ਮਾਲੀਆ ਬੋਰਡ ਨੇ ਅਦਾਲਤ ਨੂੰ ਦੱਸਿਆ ਕਿ ਖਾਨੁਮ ਬੇਨਾਮੀ ਜਾਇਦਾਦ ਦੀ ਮਾਲਕ ਹੈ ਅਤੇ ਉਸ ਨੂੰ 2940 ਕਰੋੜ ਰੁਪਏ ਦਾ ਜੁਰਮਾਨਾ ਅਤੇ ਟੈਕਸ ਲਗਾਇਆ ਗਿਆ ਹੈ। ਅਦਾਲਤ ’ਚ ਹਾਜ਼ਰ ਖਾਨੁਮ ਨੇ ਕਿਹਾ ਕਿ ਉਸ ਨੇ 2008 ’ਚ 3 ਲੱਖ 70 ਹਜ਼ਾਰ ਡਾਲਰ ਦੀ ਜਾਇਦਾਦ ਖ਼ਰੀਦੀ ਸੀ ਜਿਸ ਨੂੰ 2017 ’ਚ ਵੇਚ ਦਿੱਤਾ ਸੀ। ਉਸ ਨੇ ਦੱਸਿਆ ਕਿ 50 ਫ਼ੀਸਦੀ ਰਕਮ ਉਸ ਨੇ ਕਰਜ਼ਾ ਲੈ ਕੇ ਅਦਾ ਕੀਤੀ ਸੀ। ਸੰਘੀ ਜਾਂਚ ਏਜੰਸੀ ਨੇ ਸੁਣਵਾਈ ਦੌਰਾਨ ਬੈਂਚ ਨੂੰ ਦੱਸਿਆ ਕਿ 96 ਹੋਰ ਪਾਕਿਸਤਾਨੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੀ ਵਿਦੇਸ਼ ’ਚ ਜਾਇਦਾਦ ਹੈ। ਹੁਣ ਤਕ 2154 ਪਾਕਿਸਤਾਨੀਆਂ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਦੀ ਵਿਦੇਸ਼ ’ਚ ਜਾਇਦਾਦ ਹੈ।

Facebook Comment
Project by : XtremeStudioz