Close
Menu

ਇਰਾਕ ਦੁਖਾਂਤ ਦੇ ਪੀਡ਼ਤ ਪਰਿਵਾਰਾਂ ਨੂੰ ਨਿਰਧਾਰਿਤ ਰਾਸ਼ੀ ਦੇਣੀ ਹੀ ਸੰਭਵ: ਕੈਪਟਨ

-- 23 March,2018

ਚੰਡੀਗਡ਼੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਰਾਕ ਵਿੱਚ ਮਰੇ 27 ਪੰਜਾਬੀਆਂ ਦੇ ਪਰਿਵਾਰਾਂ ਨੂੰ ਪਹਿਲਾਂ ਨਿਰਧਾਰਿਤ ਨਿਯਮਾਂ ਅਨੁਸਾਰ ਰਾਹਤ ਰਾਸ਼ੀ ਜ਼ਰੂਰ ਦਿੱਤੀ ਜਾਵੇਗੀ। ੳੁਨ੍ਹਾਂ ਅੱਜ ਇਹ ਐਲਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਉਠਾਏ ਮੁੱਦੇ ਤੋਂ ਬਾਅਦ ਕੀਤਾ। ਸ੍ਰੀ ਖਹਿਰਾ ਨੇ ਇਰਾਕ ਵਿੱਚ ਮਰੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋਡ਼ ਰੁਪਏ ਰਾਹਤ ਰਾਸ਼ੀ ਅਤੇ ਹਰੇਕ ਮ੍ਰਿਤਕ ਪਰਿਵਾਰ ਦੇ ਇਕ-ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਉਠਾਈ ਸੀ।
ਕੈਪਟਨ ਨੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਅਜਿਹੇ ਦੁਖਾਂਤ ਲਈ ਪੀਡ਼ਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਬਾਕਾਇਦਾ ਨਿਰਧਾਰਿਤ ਪ੍ਰਕਿਰਿਆ ਹੈ ਤੇ ਸਰਕਾਰ ਇਸ ਤੋਂ ਵੱਖਰੀ ਰਾਸ਼ੀ ਨਹੀਂ ਦੇ ਸਕਦੀ, ਪਰ ਬਣਦੀ ਰਾਸ਼ੀ ਜ਼ਰੂਰ ਦਿੱਤੀ ਜਾਵੇਗੀ। ਕੈਪਟਨ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲ ਹੋਈ ਹੈ ਤੇ ਕੁਝ ਕਾਨੂੰਨੀ ਅਡ਼ਿੱਕਿਆਂ ਕਾਰਨ ਲਾਸ਼ਾਂ ਲਿਆਉਣ ਵਿੱਚ ਦੇਰ ਹੋਈ ਹੈ, ਆਸ ਹੈ ਕਿ ਲਾਸ਼ਾਂ ਇਸੇ ਹਫ਼ਤੇ ਪੰਜਾਬ ਪੁੱਜ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਰਾਕ ਵਿੱਚ ਮਰੇ 27 ਪੰਜਾਬੀਆਂ ਵਿੱਚੋਂ ਅੰਮ੍ਰਿਤਸਰ ਤੇ ਜਲੰਧਰ ਜ਼ਿਲ੍ਹਿਆਂ ਦੇ 11-11 ਅਤੇ 5 ਹੋਰ ਜ਼ਿਲ੍ਹਿਆਂ ਦੇ ਵਿਅਕਤੀ ਹਨ। ਮੁੱਖ ਮੰਤਰੀ ਦੇ ਜਵਾਬ ’ਤੇ ਸ੍ਰੀ ਖਹਿਰਾ ਨੇ ਤਾਂ ਤਸੱਲੀ ਪ੍ਰਗਟ ਕੀਤੀ, ਪਰ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਇਕ ਵਿਧਾਇਕ ਵੀ ਮ੍ਰਿਤਕ ਪਰਿਵਾਰਾਂ ਨੂੰ ਇਕ-ਇਕ ਕਰੋਡ਼ ਰੁਪਏ ਦੇਣ ਦੀ ਮੰਗ ਕਰ ਚੁੱਕਾ ਹੈ, ਇਸ ਲਈ ਇਹ ਮੰਗ ਮੰਨਣੀ

ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੀਡ਼ਤ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਵੀ ਅੱਜ ਤੱਕ ਮੁਹੱਈਆ ਨਹੀਂ ਕਰਾ ਸਕੀ। ਕਾਂਗਰਸ ਦੇ ਵਿਧਾਇਕ ਰਾਣਾ ਗੁਰਮੀਤ ਸੋਢੀ ਨੇ ਇਰਾਕ ਮਾਮਲੇ ’ਤੇ ਕਿਹਾ ਕਿ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਨਹੀਂ, ਕੇਂਦਰ ਵਿਚਲੀ ਅਕਾਲੀਆਂ ਦੀ ਭਾਈਵਾਲ ਮੋਦੀ ਸਰਕਾਰ ਦੀ ਬਣਦੀ ਹੈ ਅਤੇ ਇਹ ਸਭ ਕੁਝ ਕੇਂਦਰ ਸਰਕਾਰ ਦੀ ਨਲਾਇਕੀ ਕਾਰਨ ਹੋਇਆ ਹੈ, ਇਸ ਲਈ ਸਾਰਿਆਂ ਨੂੰ ਦਿੱਲੀ ਜਾ ਕੇ ਮੋਦੀ ਸਰਕਾਰ ਕੋਲੋਂ ਪੀਡ਼ਤ ਪਰਿਵਾਰਾਂ ਨੂੰ ਇਕ ਕਰੋਡ਼ ਰੁਪਏ ਰਾਹਤ ਦੀ ਮੰਗ ਕਰਨੀ ਚਾਹੀਦੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸੁੰਤਤਰਤਾ ਸੰਗਰਾਮੀਆਂ ਨੂੰ ਮੁਫ਼ਤ ਬੱਸ ਸੇਵਾ, ਟੌਲ ਟੈਕਸ ਤੋਂ ਛੋਟ ਤੇ ਬਿਜਲੀ ਦੇ 300 ਯੂਨਿਟ ਮੁਆਫ਼ ਕਰਨ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਤਾਂ ਇਸ ਵਰਗ ਦੀ ਗਿਣਤੀ ਹੀ ਬਹੁਤ ਘੱਟ ਰਹਿ ਗਈ ਹੈ। ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਦੇ ਜਗਰਾਉਂ ਨੂੰ ਜ਼ਿਲ੍ਹਾ ਬਣਾਉਣ ਦੇ ਸਵਾਲ ਦੀ ਕਾਂਗਰਸ ਦੇ ਵਿਧਾਇਕ ਦਰਸ਼ਨ ਬਰਾਡ਼ ਨੇ ਵੀ ਪ੍ਰੋਡ਼ਤਾ ਕੀਤੀ, ਜਿਸ ਉਪਰ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਕੋਈ ਨਵਾਂ ਜ਼ਿਲ੍ਹਾ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਸ ਬਾਬਤ ਰੈਵੀਨਿਊ ਕਮਸ਼ਿਨ ਦਾ ਗਠਨ ਕੀਤਾ ਹੈ, ਜਿਸ ਕਾਰਨ ਨਿਰਧਾਰਤ ਨੇਮਾਂ ਅਨੁਸਾਰ ਹੀ ਇਸ ਮੰਗ ਉਪਰ ਕਾਰਵਾਈ ਸੰਭਵ ਹੈ।

ਪੀਡ਼ਤ ਪਰਿਵਾਰਾਂ ਨੂੰ ਪੈਨਸ਼ਨ ਫੌਰੀ ਦੇਣ ਦੇ ਹੁਕਮ
ਮੁੱਖ ਮੰਤਰੀ ਨੇ ਇਰਾਕ ਵਿੱਚ ਮਾਰੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਹੈ ਤੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਮੁਆਵਜ਼ੇ ਦੇ ਅਾਧਾਰ ’ਤੇ ਪੀਡ਼ਤ ਪਰਿਵਾਰਾਂ ਨੂੰ ਫਰਵਰੀ ਤੇ ਮਾਰਚ 2018 ਦੀ 20,000 ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਪੈਨਸ਼ਨ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਤਿਮਾਹੀ ਭੁਗਤਾਨ ਦੀ ਸ਼ਰਤ ਖਤਮ ਕਰਦੇ ਹੋਏ ਇਹ ਹੁਕਮ ਦਿੱਤੇ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪੈਨਸ਼ਨ ਦੀ ਰਾਸ਼ੀ ਵੰਡਣ। ਪਿਛਲੇ 6 ਮਹੀਨਿਆਂ ਤੋਂ ਸੂਬਾ ਸਰਕਾਰ ਵੱਲੋਂ ਪੀਡ਼ਤਾਂ ਨੂੰ ਪੈਨਸ਼ਨ ਨਾ ਦਿੱਤੇ ਜਾਣ ਦੇ ਅਕਾਲੀ ਆਗੂ ਸ੍ਰੀ ਮਜੀਠੀਆ ਦੇ ਦੋਸ਼ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਤੱਕ 31 ਜਨਵਰੀ 2018 ਤੱਕ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਅਤੇ ਹੋਰ ਦੋ ਮਹੀਨਿਆਂ ਦੀ ਪੈਨਸ਼ਨ ਜਾਰੀ ਹੋਣ ਨਾਲ ਹੁਣ ਤੱਕ ਦਾ ਭੁਗਤਾਨ ਮੁਕੰਮਲ ਹੋ ਗਿਆ ਹੈ।

‘ਭੈਣ ਜੀ ਨੂੰ ਕਹੋ, ਉਹ ਵੀ ਕੁਝ ਕਰਨ’
ਇਰਾਕ ਦੁਖਾਂਤ ਦੇ ਪੀਡ਼ਤਾਂ ਲਈ ਕੇਂਦਰੀ ਸਹਾਇਤਾ ਦੇ ਮੁੱਦੇ ’ਤੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਬਿਕਰਮ ਸਿੰਘ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਭੈਣ ਜੀ’ ਨੂੰ ਵੀ ਕਹੋ, ਉਹ ਵੀ ਕੁਝ ਕਰਨ’’ ਜਿਸ ਤੋਂ ਬਾਅਦ ਕਾਂਗਰਸੀ ਅਤੇ ਅਕਾਲੀ ਵਿਧਾਇਕਾਂ ਵਿਚਕਾਰ ਨੋਕ-ਝੋਕ ਚਲਦੀ ਰਹੀ। ਇਸ ਦੌਰਾਨ ਸ੍ਰੀ ਮਜੀਠੀਆ ਅਤੇ ਸ੍ਰੀ ਖਹਿਰਾ ਵਿਚਕਾਰ ਸ਼ਬਦੀ ਜੰਗ ਵੀ ਛਿਡ਼ੀ ਤੇ ਸ੍ਰੀ ਮਜੀਠੀਆ ਨੇ ਦੋਸ਼ ਲਾਇਆ ਕਿ ਸ੍ਰੀ ਖਹਿਰਾ ਪੂਰੀ ਤਰ੍ਹਾਂ ਕਾਂਗਰਸ ਨਾਲ ਰਲ ਗਏ ਹਨ।

Facebook Comment
Project by : XtremeStudioz