Close
Menu

ਇੰਗਲੈਂਡ ਨੇ ਪਹਿਲੇ ਇਕ ਰੋਜ਼ਾ ਮੈਚ ’ਚ ਵੈਸਟਇੰਡੀਜ਼ ਨੂੰ ਹਰਾਇਆ

-- 22 February,2019

ਬ੍ਰਿਜਟਾਊਨ, 22 ਫਰਵਰੀ
ਜੈਸਨ ਰਾਏ ਤੇ ਜੋਅ ਰੂਟ ਦੇ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਪਹਿਲੇ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਆਪਣਾ ਰਿਕਾਰਡ ਟੀਚਾ ਹਾਸਲ ਕਰਦੇ ਹੋਏ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ।
ਵੈਸਟਇੰਡੀਜ਼ ਨੇ ਕ੍ਰਿਸ ਗੇਲ (135) ਦੇ 24ਵੇਂ ਇਕ ਰੋਜ਼ਾ ਸੈਂਕੜੇ ਦੀ ਬਦੌਲਤ ਅੱਠ ਵਿਕਟਾਂ ’ਤੇ 360 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇੰਗਲੈਂਡ ਨੇ ਹਾਲਾਂਕਿ ਰਾਏ ਦੀ 85 ਗੇਂਦਾਂ ’ਚ 125 ਦੌੜਾਂ ਦੀ ਪਾਰੀ ਅਤੇ ਰੂਟ ਦੇ 97 ਗੇਂਦਾਂ ’ਚ 102 ਦੌੜਾਂ ਦੀ ਬਦੌਲਤ ਅੱਠ ਗੇਂਦਾਂ ਬਾਕੀ ਰਹਿੰਦੇ ਹੋਏ ਚਾਰ ਵਿਕਟਾਂ ’ਤੇ 364 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਹ ਵੈਸਟਇੰਡੀਜ਼ ਦੀ ਧਰਤੀ ’ਤੇ ਹਾਸਲ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਟੀਚਾ ਹੈ। ਕੁੱਲ ਮਿਲਾ ਕੇ ਇਹ ਤੀਜਾ ਸਭ ਤੋਂ ਵੱਡਾ ਟੀਚਾ ਹੈ ਜਿਸ ਨੂੰ ਹਾਸਲ ਕੀਤਾ ਗਿਆ। ਰਾਏ ਨੇ ਸਿਰਫ਼ 65 ਗੇਂਦਾਂ ’ਚ ਸੈਂਕੜਾ ਪੂਰਾ ਕੀਤਾ ਜੋ ਵੈਸਟਇੰਡੀਜ਼ ਦੀ ਧਰਤੀ ’ਤੇ ਸਭ ਤੋਂ ਤੇਜ਼ ਇਕ ਰੋਜ਼ਾ ਸੈਂਕੜਾ ਹੈ। ਉਸ ਨੇ ਜੌਨੀ ਬੇਅਰਸਟਾਅ (34) ਨਾਲ ਪਹਿਲੇ ਵਿਕਟ ਲਈ 91 ਦੌੜਾਂ ਜੋੜੀਆਂ। ਰਾਏ ਨੇ ਬੇਅਰਸਟਾਅ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਰੂਟ ਦੇ ਨਾਲ ਵੀ ਦੂਜੇ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕੀਤੀ। ਉਹ 27ਵੇਂ ਓਵਰ ’ਚ ਲੈੱਗ ਸਪਿੰਨਰ ਦੇਵੇਂਦਰ ਬਿਸ਼ੂ ਦੀ ਗੇਂਦ ’ਤੇ ਆਊਟ ਹੋ ਗਿਆ ਪਰ ਉਦੋਂ ਤੱਕ ਇੰਗਲੈਂਡ ਦੀ ਟੀਮ ਲਈ ਠੋਸ ਮੰਚ ਤਿਆਰ ਹੋ ਚੁੱਕਾ ਸੀ। ਟੈਸਟ ਕਪਤਾਨ ਜੋਅ ਰੂਟ ਨੇ ਇਸ ਤੋਂ ਬਾਅਦ ਮੋਰਚਾ ਸੰਭਾਲਿਆ ਅਤੇ ਸੀਮਿਤ ਓਵਰਾਂ ਦੇ ਕਪਤਾਨ ਈਓਨ ਮੌਰਗਨ ਨਾਲ ਤੀਜੇ ਵਿਕਟ ਲਈ 16 ਓਵਰਾਂ ’ਚ 116 ਦੌੜਾਂ ਜੋੜ ਕੇ ਟੀਮ ਨੂੰ ਟੀਚੇ ਨੇੜੇ ਪਹੁੰਚਾਇਆ। ਮੌਰਗਨ ਤੇ ਰੂਟ ਇਸ ਤੋਂ ਬਾਅਦ ਆਊਟ ਹੋ ਗਏ ਪਰ ਦੁਨੀਆਂ ਦੀ ਨੰਬਰ ਇਕ ਟੀਮ ਇੰਗਲੈਂਡ ਨੂੰ ਟੀਚੇ ਤੱਕ ਪਹੁੰਚਾਉਣ ’ਚ ਪ੍ਰੇਸ਼ਾਨੀ ਨਹੀਂ ਹੋਈ।
ਇਸ ਤੋਂ ਪਹਿਲਾਂ ਕ੍ਰਿਸ ਗੇਲ ਨੇ 129 ਗੇਂਦਾਂ ’ਚ 12 ਛੱਕਿਆਂ ਤੇ ਤਿੰਨ ਚੌਕਿਆਂ ਦੀ ਬਦੌਲਤ 135 ਦੌੜਾਂ ਦੀ ਪਾਰੀ ਖੇਡੀ। ਵੈਸਟਇੰਡੀਜ਼ ਦੀ ਪਾਰੀ ’ਚ 23 ਛੱਕੇ ਲੱਗੇ ਜੋ ਨਵਾਂ ਰਿਕਾਰਡ ਹੈ। ਵਿਕਟਕੀਪਰ ਬੱਲੇਬਾਜ਼ ਸ਼ਾਈ ਹੋਪ ਨੇ ਵੀ 64 ਦੌੜਾਂ ਦੀ ਪਾਰੀ ਖੇਡੀ ਜਦੋਂ ਡੈਰੇਨ ਬਰਾਵੋ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਵੱਲੋਂ ਬੈਨ ਸਟੋਕਸ ਨੇ 37 ਜਦੋਂਕਿ ਆਦਿਲ ਰਾਸ਼ਿਦ ਨੇ 74 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ। ਕ੍ਰਿਸ ਵੋਕਸ ਨੇ 59 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

Facebook Comment
Project by : XtremeStudioz