Close
Menu

ਇੰਡੀਅਨ ਓਪਨ: ਪੀਵੀ ਸਿੰਧੂ ਖ਼ਿਤਾਬ ਹਾਰੀ

-- 05 February,2018

ਨਵੀਂ ਦਿੱਲੀ, 5 ਫਰਵਰੀ
ਸਾਬਕਾ ਚੈਂਪੀਅਨ ਤੇ ਸਿਖ਼ਰਲਾ ਦਰਜਾ ਪ੍ਰਾਪਤ ਭਾਰਤ ਦੀ ਪੀਵੀ ਸਿੰਧੂ ਅੱਜ ਇੱਥੇ ਇੰਡੀਅਨ ਓਪਨ ਦੇ ਫਾਈਨਲ ’ਚ ਅਮਰੀਕਾ ਦੀ ਪੰਜਵਾਂ ਦਰਜਾ ਹਾਸਲ ਬੀਵਨ ਜ਼ੈਂਗ ਤੋਂ ਹਾਰ ਗਈ। ਪਹਿਲੀ ਗੇਮ ਗੁਆਉਣ ਤੋਂ ਬਾਅਦ ਹਾਲਾਂਕਿ ਸਿੰਧੂ ਨੇ ਜ਼ੋਰਦਾਰ ਵਾਪਸੀ ਕੀਤੀ ਪਰ ਉਹ ਅਮਰੀਕਨ ਖਿਡਾਰਨ ਖ਼ਿਲਾਫ਼ ਚੈਂਪੀਅਨਸ਼ਿਪ ਅੰਕ ਨੂੰ ਜਿੱਤ ’ਚ ਤਬਦੀਲ ਨਹੀਂ ਕਰ ਸਕੀ। ਇਸ 3,50,000 ਡਾਲਰ ਇਨਾਮੀ ਰਾਸ਼ੀ ਵਾਲੇ ਮੁਕਾਬਲੇ ਵਿੱਚ ਬੀਵਨ ਜ਼ੈਂਗ ਪਹਿਲੀ ਵਾਰ ਕਿਸੇ ਸੁਪਰ ਸੀਰੀਜ਼ ਪੱਧਰ ਦੇ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ’ਚ ਖੇਡ ਰਹੀ ਸੀ। ਇੱਥੇ ਸਿਰੀ ਫੋਰਟ ਆਡੀਟੋਰੀਅਮ ਵਿੱਚ ਚੱਲੇ 69 ਮਿੰਟ ਦੇ ਮੁਕਾਬਲੇ ਦੌਰਾਨ ਸਿੰਧੂ ਨੂੰ 21-18, 11-21, 22-20 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੇ ਨਾਲ ਹੀ ਸਿੰਧੂ ਲਗਾਤਾਰ ਦੂਜੀ ਵਾਰ ਇੰਡੀਅਨ ਓਪਨ ਖ਼ਿਤਾਬ ਜਿੱਤਣ ਤੋਂ ਖੁੰਝ ਗਈ। ਬੀਵਨ ਇਸ ਤੋਂ ਪਹਿਲਾਂ 2016 ਵਿੱਚ ਫਰੈਂਚ ਓਪਨ ਦੇ ਸੈਮੀਫਾਈਨਲ ’ਚ ਪਹੁੰਚੀ ਸੀ। ਦੋਵੇਂ ਖਿਡਾਰਨਾਂ ਹੁਣ ਤੱਕ ਚਾਰ ਵਾਰ ਆਹਮੋ-ਸਾਹਮਣੇ ਹੋਈਆਂ ਹਨ ਤੇ ਸਾਰੇ ਮੁਕਾਬਲਿਆਂ ਦੇ ਨਤੀਜੇ ਤਿੰਨ ਗੇਮਾਂ ਵਿੱਚ ਨਿਕਲੇ ਹਨ। ਸਿੰਧੂ ਤੇ ਬੀਵਨ ਨੇ ਦੋ-ਦੋ ਮੁਕਾਬਲੇ ਜਿੱਤੇ ਹਨ। ਬੀਵਨ ਜ਼ੈਂਗ ਨੂੰ ਇਸ ਜਿੱਤ ਨਾਲ 26,250 ਡਾਲਰ ਦੀ ਇਨਾਮੀ ਰਾਸ਼ੀ ਮਿਲੀ ਜਦਕਿ ਸਿੰਧੂ ਨੂੰ ਉੱਪ ਜੇਤੂ ਰਹਿਣ ’ਤੇ 13,300 ਡਾਲਰ ਮਿਲੇ।

Facebook Comment
Project by : XtremeStudioz