Close
Menu

ਇੰਡੋਨੇਸ਼ੀਆ ਵੱਲੋਂ ਏਸ਼ਿਆਈ ਖੇਡਾਂ ਨੂੰ ਸ਼ਾਨਦਾਰ ਵਿਦਾਇਗੀ

-- 03 September,2018

ਜਕਾਰਤਾ, ਇੰਡੋਨੇਸ਼ੀਆ ਨੇ ਐਤਵਾਰ ਨੂੰ ਇੱਥੇ ਇਕ ਸ਼ਾਨਦਾਰ ਸਮਾਪਤੀ ਸਮਾਰੋਹ ਕਰਵਾ ਕੇ 18ਵੇਂ ਏਸ਼ਿਆਈ ਖੇਡਾਂ ਨੂੰ ਅਲਵਿਦਾ ਆਖਿਆ। ਪੰਦਰਾਂ ਦਿਨ ਚੱਲੇ ਇਸ ਖੇਡ ਮਹਾਕੁੰਭ ਦੀ ਮੇਜ਼ਬਾਨੀ ਇੰਡੋਨੇਸ਼ੀਆ ਨੇ ਸਫ਼ਲਤਾ ਨਾਲ ਕੀਤੀ। ਸਮਾਪਤੀ ਸਮਾਰੋਹ ਦੌਰਾਨ ਹਾਲਾਂਕਿ ਮੀਂਹ ਪੈਂਦਾ ਰਿਹਾ ਪਰ ਦਰਸ਼ਕ ਹਜ਼ਾਰਾਂ ਦੀ ਗਿਣਤੀ ਵਿੱਚ ਸਟੇਡੀਅਮ ਵਿੱਚ ਡਟੇ ਰਹੇ ਤੇ ਸਮਾਗਮ ਦਾ ਆਨੰਦ ਮਾਣਿਆ। 76,000 ਦਰਸ਼ਕਾਂ ਦੀ ਸਮਰੱਥਾ ਵਾਲੇ ਗੇਲੋਰਾ ਬੁੰਗ ਕਰਣੋਂ ਸਟੇਡੀਅਮ ਵਿੱਚ ਹੋਇਆ ਸਮਾਪਤੀ ਸਮਾਗਮ ਕਰੀਬ ਦੋ ਘੰਟੇ ਚੱਲਿਆ ਤੇ ਸਟੇਡੀਅਮ ਖਚਾਖ਼ਚ ਭਰਿਆ ਰਿਹਾ। ਸਮਾਰੋਹ ਦੌਰਾਨ ਇੰਡੋਨੇਸ਼ੀਆ ਦੇ ਦਰਸ਼ਕਾਂ ਦਾ ਬੌਲੀਵੁੱਡ ਪ੍ਰਤੀ ਪਿਆਰ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਗਾਇਕ ਸਿਧਾਰਥ ਸਲਾਥਿਆ ਤੇ ਦੇਨਾਦਾ ਨੇ ‘ਕੋਈ ਮਿਲ ਗਿਆ’, ‘ਕੁੱਛ ਕੁੱਛ ਹੋਤਾ ਹੈ’ ਅਤੇ ‘ਜੈ ਹੋ’ ਜਿਹੇ ਗੀਤ ਗਾਏ। ਇਸ ਦੌਰਾਨ ਗੀਤਾਂ ਅਤੇ ਨ੍ਰਿਤ ਦੀ ਖ਼ੂਬ ਛਹਿਬਰ ਲੱਗੀ ਤੇ ਆਤਿਸ਼ਬਾਜ਼ੀ ਵੀ ਜੰਮ ਕੇ ਹੋਈ। ਰਾਸ਼ਟਰਪਤੀ ਵਿਡੋਡੋ ਦਾ ਵੀਡੀਓ ਸੁਨੇਹਾ ਵੀ ਦਿੱਤਾ ਗਿਆ। ਪ੍ਰਬੰਧਕਾਂ ਲਈ ਇਹ ਸਖ਼ਤ ਅਤੇ ਸਫ਼ਲ ਮੁਹਿੰਮ ਦਾ ਅੰਤ ਰਿਹਾ, ਜਿਨ੍ਹਾਂ ਵੀਅਤਨਾਮ ਦੇ ਹਟਣ ਤੋਂ ਬਾਅਦ ਬਹੁ ਖੇਡਾਂ ਵਾਲੀ ਇਸ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੁਕਾਬਲੇ ਦੀ ਮੇਜ਼ਬਾਨੀ ਕੀਤੀ। ਇਸ ਲਈ ਪਹਿਲੀ ਵਾਰ ਦੋ ਸ਼ਹਿਰਾਂ ਨੂੰ ਚੁਣਿਆ ਗਿਆ ਸੀ। ਸਮਿਤੀ ਆਈਐੱਨਏਐੱਸਜੀਓਸੀ ਦੇ ਪ੍ਰਮੁੱਖ ਏਰਿਕ ਥੋਹੀਰ ਨੇ ਕਿਹਾ ਕਿ ਸਾਰਿਆਂ ਨੇ ਸਮਰਥਨ ਦਿੱਤਾ ਤੇ ਤਜ਼ਰਬਾ ਯਾਦਗਾਰ ਰਿਹਾ। ਇੰਡੋਨੇਸ਼ੀਆ ਨੇ 1962 ਤੋਂ ਬਾਅਦ ਪਹਿਲੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਓਸੀਏ ਪ੍ਰਮੁੱਖ ਅਹਿਮਦ ਅਲ ਫਾਹਦ ਅਲ ਸਬਾਹ, ਇੰਡੋਨੇਸ਼ੀਆ ਦੇ ਉਪ ਰਾਸ਼ਟਰਪਤੀ ਤੇ ਓਲੰਪਿਕ ਸਮਿਤੀ ਦੇ ਪ੍ਰਮੁੱਖ ਥਾਮਸ ਬਾਕ ਵੀ ਹਾਜ਼ਰ ਸਨ। ਸੰਨ 2022 ਵਿੱਚ ਅਗਲੀਆਂ ਏਸ਼ਿਆਈ ਖੇਡਾਂ ਚੀਨ ਵਿੱਚ ਹੋਣਗੀਆਂ। ਇਸ ਮੌਕੇ ਪ੍ਰਸਿੱਧ ਗਾਇਕ ਏਕੋਨ ਤੇ ਕੋਰੀਆ ਦੇ ਸੂਪਰ ਜੂਨੀਅਰ ਨੇ ਵੀ ਪੇਸ਼ਕਾਰੀ ਦਿੱਤੀ।

Facebook Comment
Project by : XtremeStudioz