Close
Menu

ਉਮਰ ਵੱਲੋਂ ‘ਮਨੁੱਖੀ ਢਾਲ’ ਕੇਸ ਦੀ ਜਾਂਚ ‘ਤਮਾਸ਼ਾ’ ਕਰਾਰ

-- 25 May,2017

ਸ੍ਰੀਨਗਰ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਪੱਥਰਬਾਜ਼ਾਂ ਦਾ ਟਾਕਰਾ ਕਰਨ ਲਈ ਕਸ਼ਮੀਰੀ ਨੌਜਵਾਨ ਨੂੰ ‘ਮਨੁੱਖੀ ਢਾਲ’ ਵਜੋਂ ਜੀਪ ਦੇ ਫ਼ੈਂਡਰ ਨਾਲ ਬੰਨ੍ਹਣ ਵਾਲੇ ਮੇਜਰ ਲੀਤੁਲ ਗੋਗੋਈ ਖ਼ਿਲਾਫ਼ ਚੱਲ ਰਹੀ ਫ਼ੌਜੀ ਕੋਰਟ ਆਫ ਇਨਕੁਆਇਰੀ ਨੂੰ ‘ਤਮਾਸ਼ਾ’ ਕਰਾਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਅਜੇ ਕੁਝ ਦਿਨ ਪਹਿਲਾਂ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਦਹਿਸ਼ਤੀ ਕਾਰਵਾਈਆਂ ਖ਼ਿਲਾਫ਼ ਮੁਹਿੰਮ ’ਚ ਯੋਗਦਾਨ ਲਈ ਮੇਜਰ ਗੋਗੋਈ ਨੂੰ ‘ਸ਼ਲਾਘਾ ਪੱਤਰ’ ਨਾਲ ਸਨਮਾਨਿਤ ਕੀਤਾ ਹੈ।
ਅਬਦੁੱਲ੍ਹਾ ਨੇ ਟਵਿੱਟਰ ’ਤੇ ਲਿਖਿਆ,‘ਭਵਿੱਖ ਵਿੱਚ ਕੋਰਟ ਆਫ਼ ਇਨਕੁਆਇਰੀ ਦਾ ਤਮਾਸ਼ਾ ਕਰਨ ਦਾ ਯਤਨ ਨਾ ਕੀਤਾ ਜਾਵੇ। ਸਾਫ਼ ਹੈ ਕਿ ਇਥੇ ਲੋਕਾਂ ਦੀ ਅਦਾਲਤ ਹੀ ਮਾਇਨੇ ਰੱਖਦੀ ਹੈ।’ ਅਬਦੁੱਲ੍ਹਾ ਨੇ ਕਿਹਾ ਕਿ ਮਨੁੱਖੀ ਹੱਕਾਂ ਦੀ ਉਲੰਘਣਾ ਨਾਲ ਜੁੜੇ ਇਸ ਮਾਮਲੇ ਵਿੱਚ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ, ਜਿਨੇਵਾ/ਵੀਏਨਾ ਵਰਗੀਆਂ ਕੌਮਾਂਤਰੀ ਕਨਵੈਨਸ਼ਨਾਂ ’ਤੇ ਤਾਂ ਹੀ ਗੱਲਬਾਤ ਹੋ ਸਕਦੀ ਹੈ ਜਦੋਂ ਭਾਰਤ ਦੂਜਿਆਂ ’ਤੇ ਉਲੰਘਣਾ ਦੇ ਦੋਸ਼ ਲਾਉਂਦਾ ਹੈ। ਜਿਵੇਂ ਕਿ ਅਸੀਂ ਕਹਿੰਦੇ ਹਾਂ ਉਵੇਂ ਕਰੋ, ਨਾ ਕਿ ਉਵੇਂ ਜਿਵੇਂ ਅਸੀਂ ਕਰਦੇ ਹਾਂ।’

Facebook Comment
Project by : XtremeStudioz