Close
Menu

ਉਲੰਘਣਾ: 210 ਸਰਕਾਰੀ ਵੈੱਬਸਾਈਟਾਂ ਨੇ ਜਨਤਕ ਕੀਤੇ ਸਨ ਆਧਾਰ ਵੇਰਵੇ

-- 20 November,2017

ਨਵੀਂ ਦਿੱਲੀ, 20 ਨਵੰਬਰ
ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਦੱਸਿਆ ਕਿ ਕੇਂਦਰ ਤੇ ਸੂਬਾਈ ਸਰਕਾਰ ਦੀਆਂ ਦੋ ਸੌ ਤੋਂ ਵੱਧ ਵੈੱਬਸਾਈਟਾਂ ਵੱਲੋਂ ਕੁੱਝ ਆਧਾਰ ਲਾਭਪਾਤਰੀਆਂ ਦੇ ਨਾਂ ਤੇ ਪਤੇ ਵਰਗੇ ਵੇਰਵੇ ਜਨਤਕ ਕੀਤੇ ਗਏ ਸਨ। ਆਧਾਰ ਜਾਰੀ ਕਰਨ ਵਾਲੀ ਇਸ ਸੰਸਥਾ ਯੂਆਈਡੀਏਆਈ ਨੇ ਆਰਟੀਆਈ ਦੇ ਜਵਾਬ ’ਚ ਦੱਸਿਆ ਕਿ ਉਸ ਨੇ ਇਸ ਉਲੰਘਣਾ ਦਾ ਨੋਟਿਸ ਲੈਂਦਿਆਂ ਇਨ੍ਹਾਂ ਵੈੱਬਸਾਈਟਾਂ ਤੋਂ ਵੇਰਵੇ ਹਟਾ ਦਿੱਤੇ ਹਨ। ਪਰ ਉਸ ਨੇ ਇਹ ਨਹੀਂ ਦੱਸਿਆ ਕਿ ਇਹ ਉਲੰਘਣਾ ਕਦੋਂ ਹੋਈ। ਉਸ ਨੇ ਕਿਹਾ ਕਿ ਯੂਆਈਡੀਏਆਈ ਵੱਲੋਂ ਕਦੇ ਵੀ ਆਧਾਰ ਬਾਰੇ ਵੇਰਵੇ ਜਨਤਕ ਨਹੀਂ ਕੀਤੇ ਗਏ।
ਯੂਆਈਡੀਏਆਈ ਨੇ ਕਿਹਾ, ‘ਉਸ ਨੂੰ ਪਤਾ ਲੱਗਾ ਸੀ ਕਿ ਕੇਂਦਰ ਅਤੇ ਸੂਬਾਈ ਸਰਕਾਰ ਦੀਆਂ ਵਿਦਿਅਕ ਸੰਸਥਾਵਾਂ ਸਮੇਤ ਵਿਭਾਗਾਂ ਦੀਆਂ ਤਕਰੀਬਨ 210 ਵੈੱਬਸਾਈਟਾਂ ਵੱਲੋਂ ਆਮ ਜਨਤਾ ਨੂੰ ਸੂਚਿਤ ਕਰਨ ਲਈ ਲਾਭਪਾਤਰੀਆਂ ਦੀ ਸੂਚੀ, ਜਿਸ ’ਚ ਉਨ੍ਹਾਂ ਦੇ ਨਾਂ, ਪਤੇ ਤੋਂ ਇਲਾਵਾ ਹੋਰ ਵੇਰਵੇ ਅਤੇ ਆਧਾਰ ਨੰਬਰ ਸ਼ਾਮਲ ਸਨ, ਦਿਖਾਈ ਜਾ ਰਹੀ ਸੀ। ਇਸ ਦਾ ਨੋਟਿਸ ਲੈਂਦਿਆਂ ਯੂਆਈਡੀਏਆਈ ਨੇ ਆਧਾਰ ਬਾਰੇ ਸਾਰੇ ਵੇਰਵੇ ਇਨ੍ਹਾਂ ਵੈੱਬਸਾਈਟਾਂ ਤੋਂ ਹਟਾ ਦਿੱਤੇ ਹਨ।’
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸਮਾਜ ਭਲਾਈ ਯੋਜਨਾਵਾਂ ਦੀ ਲਾਭ ਪ੍ਰਾਪਤੀ ਲਈ ਲੋਕਾਂ ਵਾਸਤੇ ਆਧਾਰ ਲਾਜ਼ਮੀ ਕਰਨ ਦੀ ਪ੍ਰਕਿਰਿਆ ਵਿੱਢੀ ਗਈ ਹੈ। ਯੂਆਈਡੀਏਆਈ ਨੇ ਆਰਟੀਆਈ ਦੇ ਜਵਾਬ ਵਿੱਚ ਕਿਹਾ, ‘ਉਸ ਕੋਲ ਚੰਗੀ ਤਰ੍ਹਾਂ ਤਿਆਰ ਮਜ਼ਬੂਤ ਬਹੁ-ਪਰਤੀ ਸੁਰੱਖਿਆ ਵਿਵਸਥਾ ਹੈ। ਡੇਟਾ ਸੁਰੱਖਿਆ ਤੇ ਇਮਾਨਦਾਰੀ ਦੇ ਉੱਚੇ ਪੱਧਰ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਸੁਰੱਖਿਆ ਸਿਸਟਮ ਨੂੰ ਅੱਪਗਰੇਡ ਕੀਤਾ ਜਾ ਰਿਹਾ ਹੈ।’

Facebook Comment
Project by : XtremeStudioz