Close
Menu

ਏਸ਼ਿਆਈ ਚੈਂਪੀਅਨ ਮਨਪ੍ਰੀਤ ਕੌਰ ਡੋਪ ਟੈੱਸਟ ਵਿੱਚ ਫੇਲ੍ਹ

-- 20 July,2017

ਨਵੀਂ ਦਿੱਲੀ,ਏਸ਼ਿਆਈ ਚੈਂਪੀਅਨ ਸ਼ਾਟ ਪੁਟ ਖਿਡਾਰਨ ਮਨਪ੍ਰੀਤ ਕੌਰ ਡੋਪ ਟੈੱਸਟ ਵਿੱਚ ਫੇਲ੍ਹ ਹੋ ਗਈ ਹੈ, ਜਿਸ ਕਰ ਕੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਿੱਤਿਆ ਉਸ ਦਾ ਸੋਨ ਤਗ਼ਮਾ ਵੀ ਖੁਸ ਸਕਦਾ ਹੈ। ਭੁਵਨੇਸ਼ਵਰ ਵਿੱਚ ਹਾਲ ਹੀ ਵਿੱਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਮਨਪ੍ਰੀਤ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਦੀ ਦੋਸ਼ੀ ਸਿੱਧ ਹੋਈ ਹੈ। ਇਹ ਟੈੱਸਟ ਇੱਕ ਤੋਂ ਚਾਰ ਜੂਨ ਤੱਕ ਪਟਿਆਲਾ ਵਿੱਚ ਹੋਈ ਫੈਡਰੇਸ਼ਨ ਕੱਪ ਕੌਮੀ ਚੈਂਪੀਅਨਸ਼ਿਪ ਦੌਰਾਨ ਕੌਮੀ ਡੋਪਿੰਗ ਵਿਰੋਧੀ ਏਜੰਸੀ ਦੇ ਅਧਿਕਾਰੀਆਂ ਨੇ ਕੀਤਾ ਸੀ। ਜੇ ਉਸ ਦਾ ‘ਬੀ’ ਨਮੂਨਾ ਵੀ ਪਾਜ਼ੇਟਿਵ ਆਉਂਦਾ ਹੈ ਤਾਂ ਭਾਰਤ ਨੂੰ ਭੁਵਨੇਸ਼ਵਰ ਵਿੱਚ ਉਸ ਵੱਲੋਂ ਜਿੱਤਿਆ ਸੋਨ ਤਗ਼ਮਾ ਗਵਾਉਣਾ ਪੈ ਸਕਦਾ ਹੈ।
ਭਾਰਤੀ ਅਥਲੈਟਿਕਸ ਫੈਡਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਮਨਪ੍ਰੀਤ ਦਾ ਜੂਨ ਵਿੱਚ ਹੋਏ ਫੈਡਰੇਸ਼ਨ ਕੱਪ ਦੌਰਾਨ ਲਏ ਟੈੱਸਟ ਦਾ ਸੈਂਪਲ ਪਾਜ਼ੇਟਿਵ ਆਇਆ ਹੈ ਤੇ ਪਾਬੰਦੀਸ਼ੁਦਾ ਪਦਾਰਥ ਲੈਣ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਨਾਡਾ ਨੇ ਬੀਤੀ ਰਾਤ ਜਾਣਕਾਰੀ ਦਿੱਤੀ ਸੀ। ’ ਦੂਜੇ ਬੰਨੇ ਮਨਪ੍ਰੀਤ ਦੇ ਕੋਚ ਅਤੇ ਪਤੀ ਕਰਮਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਕਿਸੇ ਭਾਰਤੀ ਖਿਡਾਰੀ ਵੱਲੋਂ  ‘ਡਾਈਮੈਥਿਲਬੁਟਿਲੇਮਾਈਨ’ ਵਰਤੇ ਜਾਣ ਦੀ ਪੁਸ਼ਟੀ ਹੋਈ ਹੈ। ਦਿੱਲੀ ਰਾਸ਼ਟਰਮੰਡਲ ਖੇਡਾਂ 2010 ਦੌਰਾਨ ਕਈ ਖਿਡਾਰੀਆਂ ਵੱਲੋਂ ਮੈਥਿਲਹੈਕਸਾਨਾਮਾਈਨ ਵਰਤੇ ਜਾਣ ਦੀ ਪੁਸ਼ਟੀ ਹੋਈ ਸੀ। ਮਨਪ੍ਰੀਤ ਲੰਡਨ ਵਿੱਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕੀ ਹੈ ਪਰ ਹੁਣ ਉਸ ਦੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਸਬੰਧੀ ਸਪਸ਼ਟ ਰੂਪ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਏਐਫਆਈ ਦੇ ਅਧਿਕਾਰੀ ਨੇ ਕਿਹਾ, ‘ ਅਸੀਂ ਇਸ ਬਾਰੇ ਹਾਲੇ ਨਹੀਂ ਸੋਚਿਆ ਪਰ ਅਸੀਂ ਵਿਸ਼ਵ ਪੱਧਰ ’ਤੇ ਨਮੋਸ਼ੀ ਨਹੀਂ ਝੱਲਣੀ ਚਾਹੁੰਦੇ। ਇਸ ਸਬੰਧੀ ਤਾਂ ਸੋਚਣਾ ਹੀ ਪਵੇਗਾ।’ ਮਨਪ੍ਰੀਤ ਨੇ ਚੀਨ ਦੇ ਜਿਨਹੂਆ ਵਿੱਚ ਏਸ਼ਿਆਈ ਗ੍ਰਾਂ ਪ੍ਰੀ ਵਿੱਚ 18.86 ਮੀਟਰ ਤੱਕ ਗੋਲਾ ਸੁੱਟ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ।  

Facebook Comment
Project by : XtremeStudioz