Close
Menu

ਏਸ਼ੀਆ ਹਾਕੀ ਕੱਪ: ਜੇਤੂ ਲੈਅ ਬਰਕਰਾਰ ਰੱਖਣਾ ਚਾਹੇਗੀ ਭਾਰਤੀ ਟੀਮ

-- 13 October,2017

ਢਾਕਾ, ਜਪਾਨ ਨੂੰ 5-1 ਨਾਲ ਹਰਾਉਣ ਮਗਰੋਂ ਆਤਮ ਵਿਸ਼ਵਾਸ ਨਾਲ ਭਰੀ ਭਾਰਤੀ ਹਾਕੀ ਟੀਮ ਭਲਕੇ ਪੁਰਸ਼ ਹਾਕੀ ਏਸ਼ੀਆ ਕੱਪ ਦੇ ਦੂਜੇ ਪੂਲ ਮੈਚ ’ਚ ਜਿੱਤ ਦੀ ਲੈਅ ਬਰਕਰਾਰ ਰੱਖਣ ਉੱਤਰੇਗੀ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਜਪਾਨ ਖ਼ਿਲਾਫ਼ ਕੱਲ ਦਾ ਮੈਚ ਜਿੱਤਣ ’ਚ ਕੋਈ ਮੁਸ਼ੱਕਤ ਨਹੀਂ ਕਰਨੀ ਪਈ।

ਸ਼ੁਰੂਆਤ ’ਚ ਜਪਾਨ ਨੇ ਚੌਥੇ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ, ਪਰ ਇਸ ਮਗਰੋਂ ਭਾਰਤ ਨੇ ਉਸ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਜਪਾਨੀ ਟੀਮ ਜਵਾਬੀ ਹਮਲੇ ਕਰਨ ’ਚ ਨਾਕਾਮ ਰਹੀ। ਨਵੇਂ ਕੋਚ ਦੀ ਅਗਵਾਈ ’ਚ ਪਹਿਲਾ ਟੂਰਨਾਮੈਂਟ ਖੇਡ ਰਹੀ ਭਾਰਤੀ ਟੀਮ ਨੇ ਹਰ ਕੁਆਰਟਰ ’ਚ ਗੋਲ ਕੀਤੇ। ਉਸ ਲਈ ਐਸਵੀ ਸੁਨੀਲ, ਲਲਿਤ ਉਪਾਧਿਆਏ, ਰਮਨਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ। ਨਵੇਂ ਕੋਚ ਸ਼ੋਰਡ ਮਾਰਿਨ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਸ ਦੇ ਖਿਡਾਰੀ ਭਲਕੇ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਉਸ ਨੇ ਕਿਹਾ, ‘ਬਤੌਰ ਕੋਚ ਮੈਚ ਕਦੀ ਵੀ ਸੰਤੁਸ਼ਟ ਨਹੀਂ ਹੁੰਦਾ। ਇਸ ਲਈ ਮੈਂ ਸੌ ਫੀਸਦੀ ਖੁਸ਼ ਨਹੀਂ ਹਾਂ। ਮੇਰਾ ਮੰਨਣਾ ਹੈ ਕਿ ਅਸੀਂ ਇਸ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਹੁਣ ਸ਼ੁਰੂਆਤੀ ਮੈਚਾਂ ਦੇ ਦਬਾਅ ਤੋਂ ਨਿਕਲਣ ਮਗਰੋਂ ਅਸੀਂ ਅਗਲੇ ਮੈਚ ’ਚ ਬਿਹਤਰੀਨ ਪ੍ਰਦਰਸ਼ਨ ਕਰ ਸਕਾਂਗੇ।’ ਬੰਗਲਾਦੇਸ਼ ਨੂੰ ਕੱਲ ਪਹਿਲੇ ਮੈਚ ’ਚ ਪਾਕਿਸਤਾਨ ਨੇ 7-0 ਨਾਲ ਹਰਾਇਆ ਸੀ। ਭਾਰਤੀ ਕੋਚ ਨੇ ਕਿਹਾ, ‘ਜੇਕਰ ਅਸੀਂ ਆਪਣੀ ਰਣਨੀਤੀ ’ਤੇ ਅਮਲ ਕਰ ਸਕੇ ਤਾਂ ਜ਼ਰੂਰ ਜਿੱਤਾਂਗੇ।’ ਬੰਗਲਾਦੇਸ਼ ਦੇ ਕਪਤਾਨ ਰਸ਼ੀਲ ਮਹਿਮੂਦ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪਿਛਲੀ ਹਾਰ ਨੂੰ ਭੁਲਾ ਕੇ ਜਿੱਤ ਦੇ ਇਰਾਦੇ ਨਾਲ ਮੈਦਾਨ ’ਤੇ ਉੱਤਰੇਗੀ।। ਉਸ ਨੇ ਕਿਹਾ ਕਿ ਪਾਕਿਸਤਾਨ ਖ਼ਿਲਾਫ਼ ਉਹ ਚੰਗਾ ਨਹੀਂ ਖੇਡ ਸਕੇ ਤੇ ਉਨ੍ਹਾਂ ਕਈ ਗਲਤੀਆਂ ਕੀਤੀਆਂ। ਇਹ ਖਰਾਬ ਸ਼ੁਰੂਆਤ ਸੀ ਜਿਸ ਨਾਲ ਉਨ੍ਹਾਂ ਦਾ ਹੌਸਲਾ ਡਿਗਿਆ, ਪਰ ਉਹ ਭਾਰਤ ਖ਼ਿਲਾਫ਼ ਵਾਪਸੀ ਕਰਨਗੇ।

Facebook Comment
Project by : XtremeStudioz