Close
Menu

ਐਨਡੀਏ ਸਰਕਾਰ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਲਗਪਗ ਖ਼ਤਮ: ਰਾਮ ਮਾਧਵ

-- 22 May,2018

ਵਾਸ਼ਿੰਗਟਨ, ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਇਥੇ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਲਗਪਗ ਖ਼ਤਮ ਕਰ ਦਿੱਤੀ ਹੈ। ਗ਼ੌਰਤਲਬ ਹੈ ਕਿ ਇਸ ਸੂਚੀ ਵਿੱਚ ਸ਼ਾਮਲ ਨਾਂ ਵਾਲੇ ਸਿੱਖਾਂ ਨੂੰ 1980-90ਵਿਆਂ ਦੌਰਾਨ ਖ਼ਾਲਿਸਤਾਨੀ ਮੁਹਿੰਮ ਨਾਲ ਕਥਿਤ ਸਬੰਧਾਂ ਕਾਰਨ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ।
ਸ੍ਰੀ ਮਾਧਵ ਵਾਸ਼ਿੰਗਟਨ ਦੇ ਇਲਾਕੇ ਮੈਰੀਲੈਂਡ ਵਿੱਚ ਸਿੱਖ ਭਾਈਚਾਰੇ ਦੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਗ਼ੈਰਮਨੁੱਖੀ ਕਾਲੀ ਸੂਚੀ ਲਗਪਗ ਖ਼ਤਮ ਕਰ ਦਿੱਤੀ ਹੈ, ਜਿਸ ਰਾਹੀਂ ਭਾਈਚਾਰੇ ਨੂੰ ਉਨ੍ਹਾਂ ਦੇ ਭਾਰਤ ਫੇਰੀ ਦੇ ਹੱਕ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਅਤੇ ਆਪਣੇ ਕਰੀਬੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਹੱਕ ਤੋਂ ਵਾਂਝਾ ਕੀਤਾ ਜਾਂਦਾ ਸੀ।’’ ਉਨ੍ਹਾਂ ਕਿਹਾ, ‘‘(ਕਾਲੀ) ਸੂਚੀ ਵਿੱਚ ਸਿਰਫ਼ ਕੁਝ ਨਾਂ ਬਚੇ ਹਨ। ਇਹ ਨਾਂ ਵੀ ਛੇਤੀ ਹੀ ਹਟਾ ਦਿੱਤੇ ਜਾਣਗੇ।’’
ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਮਿਲੀਆਂ ਹੋਈਆਂ ਪੇਸ਼ਗੀ ਜ਼ਮਾਨਤਾਂ ਖ਼ਤਮ ਕਰਨ ਲਈ ਵੀ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਵੱਖਰੇ ਤੌਰ ’ਤੇ ਭਾਰਤੀ ਅਮਰੀਕੀ ਭਾਈਚਾਰੇ ਦੇ ਇਕ ਸਮਾਗਮ ਵਿੱਚ ਕਿਹਾ ਕਿ ਭਾਜਪਾ ਦੇਸ਼ ਦੇ ਸਾਰੇ 29 ਸੂਬਿਆਂ ’ਚ ਆਪਣੀਆਂ ਸਰਕਾਰਾਂ ਬਣਾਉਣ ਦੀ ਚਾਹਵਾਨ ਹੈ। ਉਨ੍ਹਾਂ ਕਿਹਾ, ‘‘ਅਸੀਂ ਮਾਮੂਲੀ ਫ਼ਰਕ ਨਾਲ 22ਵੇਂ ਸੂਬੇ (ਕਰਨਾਟਕ) ਦੀ ਸੱਤਾ ਤੋਂ ਖੁੰਝ ਗਏ। ਇਸ ’ਤੇ ਸਾਡਾ ਹੱਕ ਬਣਦਾ ਸੀ ਕਿਉਂਕਿ ਲੋਕਾਂ ਨੇ ਕਾਂਗਰਸ ਖ਼ਿਲਾਫ਼ ਵੋਟ ਦਿੱਤੀ ਸੀ।’’ 

Facebook Comment
Project by : XtremeStudioz