Close
Menu

ਐਸ਼ੇਜ਼ ਲੜੀ: ਕੁੱਕ ਦੇ ਸੈਂਕੜੇ ਨਾਲ ਇੰਗਲੈਂਡ ਦੀ ਵਾਪਸੀ

-- 28 December,2017

ਮੈਲਬਰਨ,ਅਲਿਸਟੇਅਰ ਕੁੱਕ ਨੇ ਲੈਅ ਵਿੱਚ ਆਉਂਦਿਆਂ ਸੈਂਕੜਾ ਜੜਿਆ ਜਦੋਂ ਕਿ ਤੇਜ਼ ਗੇਂਦਬਾਜ਼ ਸਟੁਅਰਟ ਬਰੌਡ ਨੇ ਚਾਰ ਵਿਕਟਾਂ ਝਟਕੀਆਂ, ਜਿਸ ਨਾਲ ਇੰਗਲੈਂਡ ਨੇ ਐਸ਼ੇਜ਼ ਕਿ੍ਕਟ ਲੜੀ ਦੇ ਚੌਥੇ ਟੈਸਟ ਮੈਚ ਦੇ ਦੂਜੇ ਦਿਨ ਆਪਣਾਂ ਪੱਲੜਾ ਭਾਰੀ ਰੱਖਿਆ। ਲੜੀ ਵਿੱਚ 0-3 ਨਾਲ ਪਛੜਨ ਕਾਰਨ ਪਹਿਲਾਂ ਹੀ ਲੜੀ ਗਵਾ ਚੁੱਕੇ ਇੰਗਲੈਂਡ ਨੇ ਇੱਥੇ ਮੈਲਬਰਨ ਕ੍ਰਿਕਟ ਮੈਦਾਨ ਵਿੱਚ ਕੁੱਕ ਅਤੇ ਬਰੌਡ ਦੀ ਬਦੌਲਤ ਵਾਪਸੀ ਕਰਦਿਆਂ ਪਹਿਲੀ ਪਾਰੀ ਵਿੱਚ ਦੋ ਵਿਕਟਾਂ ਉੱਤੇ 192 ਦੌੜਾਂ ਬਣਾਈਆਂ। ਕੁੱਕ ਨੇ ਵੀ ਪਿਛਲੀਆਂ ਦਸ ਪਾਰੀਆਂ ਤੋਂ ਅਰਧ ਸੈਂਕੜੇ ਦਾ ਸੋਕਾ ਖਤਮ ਕਰਦਿਆਂ ਆਪਣੀ ਪਾਰੀ ਵਿੱਚ ਨਾਬਾਦ 104 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੇ ਕਰੀਅਰ ਦਾ 32 ਵਾਂ ਸੈਂਕੜਾ ਜੜਿਆ। ਦਿਨ ਦੀ ਖੇਡ ਖਤਮ ਹੋਣ ਉੱਤੇ ਕਪਤਾਨ ਜੋ ਰੂਟ 49 ਦੌੜਾਂ ਬਣਾ ਕੇ ਖੇਡ ਰਹੇ ਸਨ। ਉਹ ਕੁੱਕ ਦੇ ਨਾਲ ਤੀਜੇ ਵਿਕਟ ਲਈ ਲਈ 112 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਮੈਲਬਰਨ ਵਿੱਚ ਬੇਹੱਦ ਗਰਮੀ ਦੌਰਾਨ ਆਸਟਰੇਲੀਆ ਨੂੰ ਪਹਿਲੀ ਪਾਰੀ ਵਿੱਚ 327 ਦੌੜਾਂ ਉੱਤੇ ਸਮੇਟ ਦਿੱਤਾ। ਬਰੌਡ ਨੇ 51 ਦੌੜਾਂ ਦੇ ਕੇ ਚਾਰ ਵਿਕਟਾਂ ਝਟਕੀਆਂ। ਇੰਗਲੈਂਡ ਦੀ ਤਰਫੋਂ ਰਿਕਾਰਡ ਲਗਾਤਾਰ 34ਵੇਂ ਅਤੇ ਕਰੀਅਰ ਦਾ 151 ਟੈਸਟ ਖੇਡ ਰਹੇ ਕੁੱਕ ਮੌਜੂਦਾ ਲੜੀ ਦੀਆਂ ਪਿਛਲੀਆਂ ਛੇ ਪਾਰੀਆਂ ਵਿੱਚ ਸਿਰਫ਼ 83 ਦੌੜਾਂ ਹੀ ਬਣਾ ਸਕਿਆ ਸੀ। ਇੰਗਲੈਂਡ ਦੀ ਟੀਮ ਹੁਣ ਆਸਟਰੇਲੀਆ ਤੋਂ ਸਿਰਫ 135 ਦੌੜਾਂ ਪਿੱਛੇ ਹੈ ਜਦੋਂ ਕਿ ਉਸਦੇ ਅੱਠ ਵਿਕਟ ਬਾਕੀ ਹਨ। ਇੰਗਲੈਂਡ ਨੇ ਦੋ ਵਿਕਟ ਗਵਾਏ। ਨਾਥਨ ਲਿਓਨ (44 ਦੌੜਾਂ ਅਤੇ ਇੱਕ ਵਿਕਟ) ਨੇ ਸਲਾਮੀ ਬੱਲੇਬਾਜ਼ ਮਾਰਕ ਸਟੋਨਮੈਨ (15) ਦਾ ਆਪਣੀ ਹੀ ਗੇਂਦ ਉੱਤੇ ਸ਼ਾਨਦਾਰ ਕੈਚ ਲਿਆ ਜਦੋਂ ਕਿ ਜੋਸ਼ ਹੇਜ਼ਲਵੁੱਡ (39 ਦੌੜਾਂ ਉੱਤੇ ਇੱਕ ਵਿਕਟ) ਨੇ ਜੇਮਜ਼ ਵਿੰਸ ਨੂੰ ਟੰਗ ਅੜਿੱਕਾ ਆਊਟ ਕੀਤਾ।

Facebook Comment
Project by : XtremeStudioz