Close
Menu

ਓਪਨ ਪੰਜਾਬ ਅਥਲੈਟਿਕ ਮੀਟ ’ਚ ਜਿੱਤੇ ਤਿੰਨ ਸੋਨ ਤਗ਼ਮੇ

-- 03 September,2018

ਭੋਗਪੁਰ, ਸੰਗਰੂਰ ਵਿੱਚ ਹੋਈ 93ਵੀਂ ਓਪਨ ਪੰਜਾਬ ਅਥਲੈਟਿਕਸ ਮੀਟ ਵਿੱਚ ਬਲਾਕ ਭੋਗਪੁਰ ਦੇ ਪਿੰਡ ਮੁਮੰਦਪੁਰ ਦੀ ਵਾਸੀ ਅਤੇ ਡੀਏਵੀ ਯੂਨੀਵਰਸਟੀ ਜਲੰਧਰ ਦੀ ਵਿਦਿਆਰਥਣ ਚੰਨਵੀਰ ਕੌਰ ਨੇ ਦੌੜਾਂ ’ਚ ਤਿੰਨ ਗੋਲਡ ਮੈਡਲ ਜਿੱਤ ਕੇ ਪੰਜਾਬ ਦੀ ਬੈਸਟ ਅਥਲੀਟ ਹੋਣ ਦਾ ਮਾਣ ਪ੍ਰਾਪਤ ਕੀਤਾ ਜਿਸ ਕਰਕੇ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਉਸ ਦੇ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਚੰਨਵੀਰ ਕੌਰ ਨੇ ਦੱਸਿਆ ਕਿ ਉਸ ਨੇ ਇਸ ਓਪਨ ਪੰਜਾਬ ਅਥਲੈਟਿਕਸ ਮੀਟ ਵਿੱਚ 100 ਮੀਟਰ, 200 ਮੀਟਰ ਅਤੇ ਰਿਲੇਅ ਦੌੜਾਂ ’ਚ ਤਿੰਨ ਗੋਲਡ ਮੈਡਲ ਜਿੱਤ ਕੇ ਡੀਏਵੀ ਯੂਨੀਵਰਸਟੀ ਦੀ ਝੋਲੀ ਵਿੱਚ ਪਾਏ ਹਨ।
ਕੋਚ ਸਰਵਣ ਸਿੰਘ ਬੀਰਮਪੁਰ ਨੇ ਚੰਨਵੀਰ ਕੌਰ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਚੰਨਵੀਰ ਕੌਰ ਏਸ਼ੀਆਈ ਤੇ ਓਲੰਪਿਕਸ ਖੇਡਾਂ ਵਿੱਚ ਵੀ ਚੰਨ ਵਾਂਗ ਚੰਮਕੇਗੀ।
ਉਨ੍ਹਾਂ ਦੱਸਿਆ ਕਿ ਕਿਉਂਕਿ ਪਹਿਲਾਂ ਵੀ ਉਹ ‘ਖੇਡੋ ਇੰਡੀਆ ਸਕੂਲ ਗੇਮਜ਼’ ਨਵੀਂ ਦਿੱਲੀ ਵਿੱਚ 200 ਮੀਟਰ ਦੌੜ ’ਚ ਨਵਾਂ ਰਿਕਾਰਡ ਬਣਾ ਕੇ ਜਿੱਤ ਚੁੱਕੀ ਹੈ। ਉਸ ਦੇ ਮਾਮਾ ਗੁਰਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਚੰਨਵੀਰ ਕੌਰ ਨੇ ਜਿੱਥੇ ਉਹ ਅਥਲੈਟਿਕਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਰਹੀ ਹੈ ਉਥੇ ਉਹ ਪੜ੍ਹਾਈ ’ਚ ਵੀ ਚੰਗੀ ਮਿਹਨਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਆਪਣੀ ਮਿਹਨਤ ਜਾਰੀ ਰੱਖੇਗੀ ਅਤੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰਦੀ ਰਹੇਗੀ।

Facebook Comment
Project by : XtremeStudioz