Close
Menu

ਓਵਲ ਟੈਸਟ ਨੂੰ ਯਾਦਗਾਰ ਬਣਾਉਣ ਉਤਰੇਗਾ ਕੁੱਕ

-- 06 September,2018

ਲੰਡਨ, ਇੰਗਲੈਂਡ ਦੇ ਚੋਣਕਾਰਾਂ ਨੇ ਸਾਬਕਾ ਕਪਤਾਨ ਅਲਸਟੇਅਰ ਕੁੱਕ ਨੂੰ ਭਾਰਤ ਖ਼ਿਲਾਫ਼ ਸ਼ੁੱਕਰਵਾਰ ਤੋਂ ਓਵਲ ਮੈਦਾਨ ਵਿੱਚ ਹੋਣ ਵਾਲੇ ਪੰਜਵੇਂ ਅਤੇ ਆਖ਼ਰੀ ਟੈਸਟ ਲਈ ਟੀਮ ਵਿੱਚ ਰੱਖਿਆ ਗਿਆ ਹੈ, ਜੋ ਉਸ ਦਾ ਵਿਦਾਇਗੀ ਟੈਸਟ ਹੋਵੇਗਾ। ਕੁੱਕ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਪੰਜਵਾਂ ਮੈਚ ਉਸ ਦੇ ਕਰੀਅਰ ਦਾ ਆਖ਼ਰੀ ਟੈਸਟ ਹੋਵੇਗਾ, ਜਿਸ ਮਗਰੋਂ ਉਹ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਕੁੱਕ ਦਾ ਭਾਰਤ ਖ਼ਿਲਾਫ਼ ਲੜੀ ਦੇ ਚਾਰ ਟੈਸਟਾਂ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਰਿਹਾ ਹੈ।
ਕੁੱਕ ਨੇ ਇਸ ਲੜੀ ਦੇ ਚਾਰ ਟੈਸਟਾਂ ਦੀਆਂ ਸੱਤ ਪਾਰੀਆਂ ਵਿੱਚ ਸਿਰਫ਼ 109 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ ਉਸ ਦਾ ਔਸਤ ਸਿਰਫ਼ 15.57 ਰਿਹਾ ਹੈ। ਇਸ ਤੋਂ ਪਹਿਲਾਂ ਵੀ ਕੁੱਕ ਟੈਸਟ ਮੈਚਾਂ ਵਿੱਚ ਸੰਘਰਸ਼ ਕਰ ਰਿਹਾ ਸੀ। ਉਸ ਨੇ ਭਾਰਤ ਖ਼ਿਲਾਫ਼ ਪਹਿਲੇ ਟੈਸਟ ਵਿੱਚ 13 ਅਤੇ ਸਿਫ਼ਰ, ਦੂਜੇ ਮੈਚ ਵਿੱਚ 21 ਦੌੜਾਂ, ਤੀਜੇ ਟੈਸਟ ਵਿੱਚ 29 ਅਤੇ 17 ਤੇ ਚੌਥੇ ਟੈਸਟ ਮੈਚ ਵਿੱਚ 17 ਤੇ 12 ਦੌੜਾਂ ਬਣਾਈਆਂ। ਇਸ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਕੁੱਕ ਆਪਣੇ ਆਖ਼ਰੀ ਟੈਸਟ ਨੂੰ ਯਾਦਗਾਰ ਬਣਾਉਣ ਲਈ ਸ਼ਾਨਦਾਰ ਪ੍ਰਦਰਸ਼ਨ ਦੇ ਇਰਾਦੇ ਨਾਲ ਉਤਰੇਗਾ ਅਤੇ ਇੰਗਲੈਂਡ ਦੀ ਟੀਮ ਨੂੰ ਜੇਤੂ ਵਿਦਾਇਗੀ ਦੇਣਾ ਚਾਹੇਗਾ। ਇੰਗਲੈਂਡ 3-1 ਦੀ ਲੀਡ ਨਾਲ ਲੜੀ ਪਹਿਲਾਂ ਹੀ ਆਪਣੇ ਨਾਮ ਕਰ ਚੁੱਕਿਆ ਹੈ।
ਇੰਗਲੈਂਡ ਨੇ ਅੱਜ ਆਖ਼ਰੀ ਟੈਸਟ ਲਈ ਟੀਮ ਐਲਾਨੀ ਹੈ। ਸਲਾਮੀ ਬੱਲੇਬਾਜ਼ ਕੀਟਨ ਜੇਨਿੰਗਜ਼ ਨੂੰ ਵਾਪਸ ਟੀਮ ਵਿੱਚ ਲਿਆ ਗਿਆ ਹੈ ਤਾਂ ਕਿ ਉਹ ਆਪਣੀ ਕਾਬਲੀਅਤ ਵਿਖਾ ਸਕੇ। ਕੀਟਨ ਦੇ ਨਾਲ ਸਲਾਮੀ ਬੱਲੇਬਾਜ਼ੀ ਲਈ ਕੁੱਕ ਉਤਰੇਗਾ। ਟੀਮ ਵਿੱਚ ਓਲੀ ਪੋਪ ਨੂੰ ਵੀ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਚੌਥੇ ਟੈਸਟ ਵਿੱਚ ਬਾਹਰ ਰਿਹਾ ਕ੍ਰਿਸ ਵੋਕਸ ਵੀ ਆਖ਼ਰੀ ਮੈਚ ਵਿੱਚ ਖੇਡ ਰਿਹਾ ਹੈ।

Facebook Comment
Project by : XtremeStudioz