Close
Menu

ਔਲਖ ਦੇ ਇਲਾਜ ਦਾ ਸਾਰਾ ਖ਼ਰਚਾ ਚੁੱਕੇਗੀ ਪੰਜਾਬ ਸਰਕਾਰ: ਬ੍ਰਹਮ ਮਹਿੰਦਰਾ

-- 23 May,2017

ਐਸਏਐਸ ਨਗਰ (ਮੁਹਾਲੀ),ਉੱਘੇ ਨਾਟਕਕਾਰ ਅਤੇ ਲੋਕ ਕਲਾ ਮੰਚ ਦੇ ਸੰਸਥਾਪਕ ਪ੍ਰੋਫੈਸਰ ਅਜਮੇਰ ਔਲਖ (75) ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ। ਉਨ੍ਹਾਂ ਨੂੰ ਅੱਜ ਆਈਸੀਯੂ ’ਚੋਂ ਜਨਰਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਸ਼ਾਮ ਸਮੇਂ ਹਸਪਤਾਲ ਪੁੱਜ ਕੇ ਸ੍ਰੀ ਔਲਖ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਮੰਤਰੀ ਨੇ ਮੈਡੀਕਲ ਟੀਮ ਤੋਂ ਬਿਮਾਰੀ ਅਤੇ ਇਲਾਜ ਸਬੰਧੀ ਮੁੱਢਲੀ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪ੍ਰੋ. ਅਜਮੇਰ ਔਲਖ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਇਲਾਜ ਲਈ ਭੇਜੀ ਗਈ ਸੀ। ਮੌਕੇ ’ਤੇ ਹਾਜ਼ਰ ਫੋਰਟਿਸ ਦੇ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਕਿ ਸ੍ਰੀ ਔਲਖ ਨੂੰ ਹੁਣ ਆਪਣੀ ਬਿਮਾਰੀ ਦੇ ਇਲਾਜ ਦਾ ਕੋਈ ਖਰਚਾ ਅਦਾ ਨਹੀਂ ਕਰਨਾ ਪਵੇਗਾ।
ਪਰਿਵਾਰਕ ਮੈਂਬਰਾਂ ਨੇ ਮੰਤਰੀ ਨੂੰ ਦੱਸਿਆ ਕਿ ਸ੍ਰੀ ਔਲਖ ਦਾ ਕੈਂਸਰ ਰੀੜ੍ਹ ਦੀ ਹੱਡੀ ਤੱਕ ਪਹੁੰਚ ਗਿਆ ਹੈ।  ਹਸਪਤਾਲ ਵਿੱਚ ਆਪਣੇ ਪਿਤਾ ਦੀ ਦੇਖਭਾਲ ਵਿੱਚ ਜੁਟੀ ਸ੍ਰੀ ਔਲਖ ਦੀ ਧੀ ਸੋਜਦੀਪ ਕੌਰ ਨੇ ਦੱਸਿਆ ਕਿ ਕਰੀਬ ਸੱਤ ਕੁ ਸਾਲ ਪਹਿਲਾਂ 2008 ਵਿੱਚ ਪਾਪਾ ਨੂੰ ਕੈਂਸਰ ਹੋਣ ਬਾਰੇ ਪਤਾ ਲੱਗਿਆ ਸੀ ਅਤੇ ਉਦੋਂ ਰਾਜੀਵ ਗਾਂਧੀ ਕੈਂਸਰ ਹਸਪਤਾਲ ਨਵੀਂ ਦਿੱਲੀ ’ਚੋਂ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ ਅਤੇ ਥੋੜ੍ਹੇ ਸਮੇਂ ਬਾਅਦ ਉਹ ਠੀਕ ਵੀ ਹੋ ਗਏ ਸੀ। ਹੁਣ ਪਤਾ ਨਹੀਂ ਕਿਵੇਂ ਸਾਲ ਕੁ ਪਹਿਲਾਂ ਸ੍ਰੀ ਔਲਖ ਦੀ ਰੀੜ੍ਹ ਦੀ ਹੱਡੀ ’ਤੇ ਕੈਂਸਰ ਦਾ ਮੁੜ ਅਸਰ ਹੋ ਗਿਆ। ਤਕਲੀਫ਼ ਵਧਣ ਮਗਰੋਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਮੌਕੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ. ਸਰਬਜੀਤ ਸਿੰਘ, ਪੰਜਾਬੀ ਸਾਹਿਤਕ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸ੍ਰੀ ਔਲਖ ਦੀ ਪਤਨੀ ਸ੍ਰੀਮਤੀ ਮਨਜੀਤ ਕੌਰ ਔਲਖ ਨੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਸਾਹਿਤਕਾਰ, ਕਲਮਕਾਰ ’ਤੇ ਅਜਿਹਾ ਸੰਕਟ ਆਉਂਦਾ ਹੈ ਤਾਂ ਸਰਕਾਰ ਪਹਿਲਕਦਮੀ ਕਰਕੇ ਉਸ ਦਾ ਸਾਰਾ ਖਰਚਾ ਚੁੱਕੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਪ੍ਰੀਤਮ ਰੁਪਾਲ, ਵਰਗ ਚੇਤਨਾ ਦੇ ਸੰਪਾਦਕ ਯਸ਼ਪਾਲ, ਰੰਗਕਰਮੀ ਅਨੀਤਾ ਸਬਦੀਸ਼ ਆਦਿ ਵੀ ਮੌਜੂਦ ਸਨ।

Facebook Comment
Project by : XtremeStudioz