Close
Menu

ਕਮਲਨਾਥ ਹੋਣਗੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ

-- 14 December,2018

ਨਵੀਂ ਦਿੱਲੀ/ਭੁਪਾਲ, 14 ਦਸੰਬਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਇਥੇ ਰਿਹਾਇਸ਼ ’ਤੇ ਦਿਨ ਭਰ ਚੱਲੇ ਬੈਠਕਾਂ ਦੇ ਦੌਰ ਮਗਰੋਂ ਦੇਰ ਰਾਤ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਲਈ ਕਮਲਨਾਥ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਗਈ। ਕਮਲਨਾਥ (72) ਦੇਰ ਰਾਤ ਭੋਪਾਲ ਪੁੱਜੇ, ਜਿਥੇ ਉਨ੍ਹਾਂ ਦਾ ਸਵਾਗਤ ‘ਜੈ ਜੈ ਕਮਲ ਨਾਥ ’ ਦੇ ਨਾਅਰਿਆਂ ਨਾਲ ਕੀਤਾ ਗਿਆ। ਉਹ ਹਵਾਈ ਅੱਡੇ ਤੋਂ ਸਿੱਧੇ ਪਾਰਟੀ ਦਫ਼ਤਰ ਪੁੱਜੇ ਅਤੇ ਨਵੇਂ ਚੁਣੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਇਤਿਹਾਸ ਦੀ ਸ਼ੁਰੂਆਤ ਹੋਈ ਹੈ। ‘‘ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਂਗੇ।’’ ਇਸ ਦੌਰਾਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਐਲਾਨ ਭਲਕੇ ਕੀਤਾ ਜਾਵੇਗਾ ਜਦਕਿ ਰਾਜਸਥਾਨ ਦਾ ਰੇੜਕਾ ਅਜੇ ਕਾਇਮ ਹੈ। ਰਾਜਸਥਾਨ ’ਚ ਸਚਿਨ ਪਾਇਲਟ ਦੇ ਹਮਾਇਤੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਮਗਰੋਂ ਕਾਂਗਰਸ ਹਾਈ ਕਮਾਂਡ ਨੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਨੂੰ ਹਰੀ ਝੰਡੀ ਨਹੀਂ ਦਿੱਤੀ। ਰਾਜਸਥਾਨ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਬਾਰੇ ਭਲਕੇ ਫ਼ੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਦਿਨ ਵੇਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਫ਼ੈਸਲੇ ਬਾਰੇ ਕਮਲਨਾਥ ਅਤੇ ਦੂਜੇ ਦਾਅਵੇਦਾਰ ਜਯੋਤਿਰਾਦਿੱਤਿਆ ਸਿੰਧੀਆ ਨਾਲ ਰਾਹੁਲ ਗਾਂਧੀ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਗੱਲਬਾਤ ਕੀਤੀ। ਰਾਹੁਲ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ’ਚ ਵਿਧਾਇਕਾਂ ਦੀ ਰਾਏ ਜਾਣਨ ਲਈ ਭੇਜੇ ਕੇਂਦਰੀ ਅਬਜ਼ਰਵਰ ਏ ਕੇ ਐਂਟਨੀ ਨਾਲ ਵੀ ਮੁਲਾਕਾਤ ਕੀਤੀ। ਆਪਣੇ ਟਵੀਟ ’ਚ
ਰਾਹੁਲ ਨੇ ਲਿਓ ਟਾਲਸਟਾਏ ਦੇ ਹਵਾਲੇ ਨਾਲ ਲਿਖਿਆ,‘‘ ਸਮਾਂ ਤੇ ਸਬਰ ਸਭ ਤੋਂ ਤਾਕਤਵਰ ਹਨ ।’’ ਇਸ ਤੋਂ ਪਹਿਲਾਂ ਤੁਗਲਕ ਲੇਨ ’ਤੇ ਰਾਹੁਲ ਦੀ ਰਿਹਾਇਸ਼ ’ਤੇ ਪੂਰਾ ਦਿਨ ਆਗੂਆਂ ਦਾ ਆਉਣਾ-ਜਾਣਾ ਲੱਗਿਆ ਰਿਹਾ। ਪਾਰਟੀ ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੇਂਦਰੀ ਅਬਜ਼ਰਵਰਾਂ ਕੇ ਸੀ ਵੇਣੂਗੋਪਾਲ (ਰਾਜਸਥਾਨ) ਅਤੇ ਏ ਕੇ ਐਂਟਨੀ (ਮੱਧ ਪ੍ਰਦੇਸ਼) ਨਾਲ ਮੁਲਾਕਾਤ ਕਰਕੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਰਾਏ ਜਾਣੀ। ਦਿਨ ਵੇਲੇ ਰਾਹੁਲ ਗਾਂਧੀ ਨੇ ਗਹਿਲੋਤ ਅਤੇ ਪਾਇਲਟ ਨਾਲ ਵੱਖੋ ਵੱਖਰੇ ਤੌਰ ’ਤੇ ਕਰੀਬ 15 ਮਿੰਟਾਂ ਤਕ ਗੱਲਬਾਤ ਕੀਤੀ। ਦੋਹਾਂ ਨੇ ਘਰ ਦੇ ਬਾਹਰ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਸਮਝਿਆ ਜਾਂਦਾ ਹੈ ਕਿ ਬਾਅਦ ’ਚ ਗਾਂਧੀ ਪਰਿਵਾਰ ਨੇ ਸਚਿਨ ਪਾਇਲਟ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜੋ ਰਾਜਸਥਾਨ ’ਚ ਮੁੱਖ ਮੰਤਰੀ ਅਹੁਦੇ ਲਈ ਅੜੇ ਹੋਏ ਹਨ।
ਛੱਤੀਸਗੜ੍ਹ ’ਚ ਭਾਵੇਂ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ ਪਰ ਉਥੇ ਵੀ ‘ਕੁਰਸੀ’ ਦੇ ਕਈ ਦਾਅਵੇਦਾਰ ਹਨ। ਕੇਂਦਰੀ ਅਬਜ਼ਰਵਰ ਮਲਿਕਾਰਜੁਨ ਖੜਗੇ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਥੇ ਮੁੱਖ ਮੰਤਰੀ ਦਾ ਐਲਾਨ ਭਲਕੇ ਕਰਨ ਦਾ ਫ਼ੈਸਲਾ ਲਿਆ। ਇਸ ਤੋਂ ਪਹਿਲਾਂ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ,‘‘ਛੇਤੀ ਮੁੱਖ ਮੰਤਰੀ ਤੁਹਾਡੇ ਸਾਹਮਣੇ ਹੋਣਗੇ। ਅਸੀਂ ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਤੋਂ ਰਾਏ ਲੈ ਰਹੇ ਹਾਂ।’’ ਜਦੋਂ ਬੈਠਕਾਂ ਦਾ ਦੌਰ ਚੱਲ ਰਿਹਾ ਸੀ ਤਾਂ ਤਿੰਨੇ ਸੂਬਿਆਂ ’ਚ ਪਾਰਟੀ ਦਫ਼ਤਰਾਂ ਤੇ ਆਗੂਆਂ ਦੇ ਘਰਾਂ ਬਾਹਰ ਹਮਾਇਤੀ ਨਾਅਰੇਬਾਜ਼ੀ ਕਰਦੇ ਰਹੇ ਅਤੇ ਆਪਣੇ ਆਗੂਆਂ ਦੇ ਬੈਨਰ ਲਹਿਰਾਉਂਦੇ ਰਹੇ।

Facebook Comment
Project by : XtremeStudioz