Close
Menu

ਕਰਜ਼ਾ ਮੁਆਫ਼ੀ ’ਤੇ ਸਰਕਾਰ ਦੀ ਦੁਚਿੱਤੀ

-- 24 May,2017

ਚੰਡੀਗੜ੍ਹ, ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਰੀਬ 30 ਲੱਖ ਕਿਸਾਨਾਂ ਦੇ ਕਰਜ਼ ਮੁਆਫ਼ੀ ਦਾ ਵਾਅਦਾ ਕੁੱਝ ਕਿਸਾਨਾਂ ਲਈ ਹੀ ਰਾਹਤ ਲੈ ਕੇ ਆ ਸਕਦਾ ਹੈ। ਪੰਜਾਬ ਦੀ ਮਾੜੀ ਆਰਥਿਕ ਦਸ਼ਾ ਕਰ ਕੇ ਵੱਡੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਕਰਜ਼ ਰਾਹਤ ਯੋਜਨਾ ਰਾਹੀਂ ਮਾਮੂਲੀ ਰਾਹਤ ਮਿਲ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਮਾਹਿਰਾਂ ਦੀ ਕਮੇਟੀ ਦੀ ਮੰਗਲਵਾਰ ਨੂੰ ਹੋਣ ਵਾਲੀ ਬੈਠਕ ’ਚ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਬਾਰੇ ਕੋਈ ਸਰੂਪ ਸਾਹਮਣੇ ਆ ਸਕਦਾ ਹੈ। ਸੂਤਰਾਂ ਮੁਤਾਬਕ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਅਤੇ ਬਾਕੀ ਕਿਸਾਨਾਂ ਨੂੰ ਕਰਜ਼ ਰਾਹਤ ਯੋਜਨਾ ਹੇਠ ਲਿਆਉਂਦਾ ਜਾਏਗਾ। ਕਮੇਟੀ ਵੱਲੋਂ ਅੰਤਿਮ ਸਿਫ਼ਾਰਸ਼ਾਂ 30 ਮਈ ਤੱਕ ਮੁੱਖ ਮੰਤਰੀ ਨੂੰ ਸੌਂਪੀਆਂ ਜਾਣੀਆਂ ਹਨ। ਨੀਤੀ ਤਹਿਤ ਢਾਈ ਏਕੜ ਤੋਂ ਘੱਟ ਜ਼ਮੀਨਾਂ ਵਾਲੇ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਸਕਦਾ ਹੈ ਜਦਕਿ ਢਾਈ ਤੋਂ ਪੰਜ ਏਕੜ ਅਤੇ ਪੰਜ ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦੀਆਂ ਵੱਖ ਵੱਖ ਦਰਾਂ ਰੱਖੀਆਂ ਜਾ ਸਕਦੀਆਂ ਹਨ। ਸੂਬਾ ਪੱਧਰੀ ਬੈਂਕਰਜ਼ ਕਮੇਟੀ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ 1719038 ਛੋਟੇ ਅਤੇ ਦਰਮਿਆਨੇ ਕਿਸਾਨ ਹਨ ਜਿਨ੍ਹਾਂ ਨੇ 36600.37 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ। ਕੁੱਲ 31.29 ਲੱਖ ਕਿਸਾਨਾਂ ਨੇ ਬੈਂਕਾਂ ਤੋਂ ਕਰਜ਼ੇ ਲਏ ਹੋਏ ਹਨ। ਫ਼ਸਲੀ ਕਰਜ਼ਾ 21.51 ਲੱਖ ਕਿਸਾਨਾਂ ਨੇ ਲਿਆ ਹੈ ਜੋ 63180.13 ਕਰੋੜ ਰੁਪਏ ਬਣਦਾ ਹੈ। ਸਰਕਾਰ ਨੇ ਦਰਮਿਆਨੇ, ਛੋਟੇ ਅਤੇ ਵੱਡੇ ਕਿਸਾਨਾਂ ਵੱਲੋਂ ਲਏ ਗਏ ਫ਼ਸਲੀ ਅਤੇ ਮਿਆਦੀ ਕਰਜ਼ਿਆਂ ਬਾਰੇ ਅੰਕੜੇ ਮੰਗੇ ਹਨ। ਉਨ੍ਹਾਂ ਨੂੰ 50 ਹਜ਼ਾਰ ਰੁਪਏ ਤੋਂ ਘੱਟ, 50 ਹਜ਼ਾਰ ਤੋਂ ਇਕ ਲੱਖ, ਇਕ ਲੱਖ ਤੋਂ 2 ਲੱਖ, ਦੋ ਲੱਖ ਤੋਂ 5 ਲੱਖ ਅਤੇ ਪੰਜ ਲੱਖ ਤੋਂ ਵੱਧ ਦਾ ਕਰਜ਼ਾ ਲੈਣ ਵਾਲੇ ਕਿਸਾਨਾਂ ਦੇ ਵੇਰਵੇ ਦੇਣ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਐਲਾਨੇ ਕਰਜ਼ਾ ਰਾਹਤ ਮਾਡਲ ਬਾਰੇ ਵੀ ਅਧਿਐਨ ਕੀਤਾ ਜਾ ਰਿਹਾ ਹੈ। ਇਕ ਸੀਨੀਅਰ ਬੈਂਕਰ ਨੇ ਕਿਹਾ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਦੀ ਰਾਹਤ ਦਿੱਤੀ ਜਾਂਦੀ ਹੈ ਤਾਂ ਪੰਜਾਬ ਨੂੰ 11 ਹਜ਼ਾਰ ਕਰੋੜ ਰੁਪਇਆਂ ਦੀ ਲੋੜ ਹੋਏਗੀ।

Facebook Comment
Project by : XtremeStudioz