Close
Menu

ਕਰਤਾਰਪੁਰ ਲਾਂਘਾ ਪਾਕਿ ਦੀ ਕੂਟਨੀਤਕ ਰਣਨੀਤੀ ਦਾ ਅਹਿਮ ਹਿੱਸਾ

-- 28 December,2018

ਇਸਲਾਮਾਬਾਦ, 28 ਦਸੰਬਰ
ਪਾਕਿਸਤਾਨ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਇਮਰਾਨ ਖ਼ਾਨ ਸਰਕਾਰ ਦੀ ‘ਕੂਟਨੀਤਕ ਰਣਨੀਤੀ ਦੇ ਅਹਿਮ ਨੁਕਤਿਆਂ’ ਵਿਚ ਸ਼ਾਮਲ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਮੁਹੰਮਦ ਫ਼ੈਜ਼ਲ ਨੇ ਇਹ ਵੀ ਮੰਨਿਆ ਕਿ ਭਾਰਤ ਨਾਲ ਟਕਰਾਅ ਵਾਲੇ ਬਹੁਤੇ ਮੁੱਦਿਆਂ ’ਤੇ ਫ਼ਿਲਹਾਲ ਕੋਈ ‘ਉਸਾਰੂ ਸਹਿਮਤੀ’ ਨਹੀਂ ਬਣ ਸਕੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦਾ ‘ਪਾਕਿ ਦੀ ਕੂਟਨੀਤਕ ਨੀਤੀ ’ਚ ਪਹਿਲਾਂ ਵਾਂਗ ਸਿਖ਼ਰ ’ਤੇ ਹੀ ਹੈ’। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਲਈ ਸਰਕਾਰ ਯਤਨਸ਼ੀਲ ਹੈ। ਫ਼ੈਜ਼ਲ ਨੇ ਕਿਹਾ ਕਿ ਸਤੰਬਰ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਵੱਖ-ਵੱਖ ਮਸਲਿਆਂ ਦੇ ਹੱਲ ਲਈ ਰਾਹ ਤਲਾਸ਼ਣ ਬਾਰੇ ਹਮਰੁਤਬਾ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦਾ ਭਾਰਤ ਸਰਕਾਰ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਨੇ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ, ਪਰ ਪਾਕਿਸਤਾਨ ਹਰ ਹਾਲਤ ਵਿਚ ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰੇਗਾ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਲਏ ਗਏ ਫ਼ੈਸਲੇ ਦਾ ਪੂਰੇ ਸੰਸਾਰ ਵਿਚ ਸਵਾਗਤ ਹੋਇਆ ਹੈ ਤੇ ਕਰਤਾਰਪੁਰ ਵਿਚ ਲਾਂਘੇ ਲਈ ਲੋੜੀਂਦੇ ਢਾਂਚੇ ਦੀ ਉਸਾਰੀ ਲਗਾਤਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁੱਦਿਆਂ ਨੂੰ ਛੱਡ ਫ਼ਿਲਹਾਲ ਦੋਵਾਂ ਮੁਲਕਾਂ ਵਿਚਾਲੇ ਇਹੀ ਇੱਕੋ-ਇੱਕ ਉਸਾਰੂ ਘਟਨਾਕ੍ਰਮ ਵਾਪਰਿਆ ਹੈ। ਫ਼ੈਜ਼ਲ ਨੇ ਕਿਹਾ ਕਿ ਤਾਲਮੇਲ ਲਈ ਯਤਨ ਕੀਤੇ ਗਏ ਹਨ, ਪਰ ਭਾਰਤ ਵੱਲੋਂ ਕੋਈ ਜਵਾਬ ਨਹੀਂ ਆ ਰਿਹਾ। ਇਸ ਲਈ ਹੁਣ ਤੱਕ ਦੇ ਯਤਨ ਕਿਸੇ ਤਣ-ਪੱਤਣ ਨਹੀਂ ਲੱਗ ਸਕੇ ਹਨ। ਕਸ਼ਮੀਰ ਹਿੰਸਾ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਦੇ ਖ਼ਿਲਾਫ਼ ਲੰਡਨ ਵਿਚ 5 ਫਰਵਰੀ ਨੂੰ ਇਕੱਠ ਕਰੇਗਾ ਤੇ ਵਿਦੇਸ਼ ਮੰਤਰੀ ਉਸ ਵਿਚ ਸ਼ਿਰਕਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ 12 ਨਾਗਰਿਕ ਤੇ 33 ਮਛੇਰਿਆਂ ਨੇ ਪਾਕਿ ਵਿਚ ਆਪਣੀ ਸਜ਼ਾ ਮੁਕੰਮਲ ਕਰ ਲਈ ਹੈ ਤੇ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।

Facebook Comment
Project by : XtremeStudioz