Close
Menu

ਕਰਤਾਰਪੁਰ ਲਾਂਘਾ: ਪਾਕਿ ਦੇ ਪਿੰਡ ਵਾਸੀ ਜ਼ਮੀਨ ਨਾ ਦੇਣ ਲਈ ਅੜੇ

-- 22 March,2019

ਲਾਹੌਰ, 22 ਮਾਰਚ
ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਗੱਲਬਾਤ ਦੌਰਾਨ ਇੱਕ ਪਿੰਡ ਦੇ ਵਸਨੀਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਲਾਂਘੇ ਦੀ ਉਸਾਰੀ ਲਈ ਐਕੁਆਇਰ ਕੀਤੀ ਜਾ ਰਹੀ ਉਨ੍ਹਾਂ ਦੀ ਜ਼ਮੀਨ ਦਾ ਉਨ੍ਹਾਂ ਨੂੰ ਬਾਜ਼ਾਰ ਦੀ ਕੀਮਤ ਅਨੁਸਾਰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਇਸ ਕੰਮ ਦਾ ਵਿਰੋਧ ਕਰਨਗੇ।
ਪਿੰਡ ਕੋਠੇ ਖੁਰਦ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਕਰਤਾਪੁਰ ਸਥਿਤ ਹੈ, ਦੇ ਵਸਨੀਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਕਰਤਾਪੁਰ ਲਾਂਘੇ ਦੀ ਉਸਾਰੀ ਦੇ ਮੱਦੇਨਜ਼ਰ ਆਪਣੇ ਮਕਾਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ। ਪਿੰਡ ਵਾਸੀ ਮੁਹੰਮਦ ਅਰਸ਼ਦ ਨੇ ਕਿਹਾ ਕਿ ਉਸ ਦੇ ਪੁਰਖੇ ਇਸ ਪਿੰਡ ’ਚ ਦੇਸ਼ ਵੰਡ ਤੋਂ ਪਹਿਲਾਂ ਦੇ ਰਹਿ ਰਹੇ ਹਨ ਤੇ ਇਹ ਉਨ੍ਹਾਂ ਦੇ ਖਾਨਦਾਨ ਦੀ ਪੰਜਵੀਂ ਪੀੜ੍ਹੀ ਹੈ। ਹੁਣ ਉਨ੍ਹਾਂ ਨੂੰ ਜ਼ਮੀਨ ਤੇ ਘਰ ਖਾਲੀ ਕਰਨ ਦੇ ਹੁਕਮ ਆ ਗਏ ਹਨ। ਇਕ ਹੋਰ ਪਿੰਡ ਵਾਸੀ ਜ਼ਈਮ ਹੁਸੈਨ ਨੇ ਕਿਹਾ ਕਿ ਉਹ ਸਦੀਆਂ ਤੋਂ ਇਸ ਇਲਾਕੇ ’ਚ ਰਹਿ ਰਹੇ ਹਨ। ਉਨ੍ਹਾਂ ਲਈ ਇਹ ਇਲਾਕਾ ਛੱਡਣਾ ਸੰਭਵ ਨਹੀਂ ਹੈ ਕਿਉਂਕਿ ਇੱਥੇ ਉਨ੍ਹਾਂ ਦੇ ਪੁਰਖਿਆਂ ਦੀਆਂ ਕਬਰਾਂ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਲੋਕਾਂ ਦੇ ਘਰ ਜਬਰੀ ਖਾਲੀ ਕਰਵਾ ਕੇ ਲਾਂਘਾ ਨਹੀਂ ਉਸਾਰਨ ਦੇਣਗੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਜ਼ਮੀਨ ਦਾ ਭਾਅ ਬਾਜ਼ਾਰ ਦੀ ਕੀਮਤ ਅਨੁਸਾਰ ਦਿੱਤਾ ਜਾਵੇ। ਪਾਕਿਸਤਾਨ ਕਿਸਾਨ ਰਾਬਤਾ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਸਾਧਾਰਨ ਮੁਆਵਜ਼ਾ ਦਿੱਤਾ ਗਿਆ ਤਾਂ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ।
ਡਿਪਟੀ ਕਮਿਸ਼ਨਰ ਵਹੀਦ ਅਸਗ਼ਰ ਨੇ ਕਿਹਾ ਕਿ ਸਰਕਾਰੀ ਨਿਯਮਾਂ ਅਨੁਸਾਰ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਤੇ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਕਿਸੇ ਤੋਂ ਵੀ ਜਬਰੀ ਘਰ ਖਾਲੀ ਕਰਵਾਏ ਜਾ ਰਹੇ ਹਨ। 

Facebook Comment
Project by : XtremeStudioz