Close
Menu

ਕਸ਼ਮੀਰ ਦੀ ਸੁਰੱਖਿਆ ਲਈ ਦ੍ਰਿੜ੍ਹ ਕੌਮੀ ਸੰਕਲਪ ਦੀ ਲੋੜ

-- 25 July,2017

ਅਸੀਂ ਸਾਰੇ ਅਤੇ ਸਰਕਾਰੀ ਅਹੁਦਿਆਂ ’ਤੇ ਬੈਠੇ ਅਧਿਕਾਰੀ ਅਤੇ ਆਗੂ ਦੇਸ਼ ਦੀ ਅਖੰਡਾ, ਏਕਤਾ ਅਤੇ ਸੰਵਿਧਾਨ ਦੀ ਸਹੁੰ ਚੁੱਕਦੇ ਹਾਂ। ਸੈਂਕੜੇ ਵਰ੍ਹਿਆਂ ਦੀ ਸਖ਼ਤ ਘਾਲਣਾ ਅਤੇ ਸ਼ਹਾਦਤ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਅਤੇ ਸਾਨੂੰ ਸੰਵਿਧਾਨ ਮਿਲਿਆ। ਭਾਰਤ ਅਤੇ ਕਸ਼ਮੀਰ ਸਾਡਾ ਹੈ, ਭਾਵ ਸਾਰੇ ਭਾਰਤ ਵਾਸੀਆਂ ਦਾ ਹੈ।’
ਬੀਤੇ ਕੁਝ ਵਰ੍ਹਿਆਂ ਵਿੱਚ ਦੇਸ਼ ਦੇ ਸ਼ਾਸਕਾਂ ਦੀ ਢਿੱਲਮੱਠ ਵਾਲੀ ਨੀਤੀ ਜਾਂ ਦੇਸ਼ ਲਈ ਮਰ ਮਿਟਣ ਜਾਂ ਦੇਸ਼ ਪ੍ਰਤੀ ਇਮਾਨਦਾਰ ਰਹਿਣ ਦੀ ਸਹੁੰ ਚੁੱਕਣ ਵਾਲੇ ਨੇਤਾਵਾਂ ਨੇ ਇਨ੍ਹਾਂ ਵਾਅਦਿਆਂ ਨੂੰ ਭੁਲਾ ਕੇ ਕਸ਼ਮੀਰ ਦੀ ਹਾਲਤ ਵਿਗਾੜ ਦਿੱਤੀ ਹੈ। ਮੈਂ ਪਹਿਲੀ ਵਾਰ ਸ੍ਰੀਨਗਰ ਉਦੋਂ ਗਈ ਸਾਂ ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ। ਰੋਜ਼ਾਨਾ ਸ਼ਾਮ ਨੂੰ ਮਹਾਰਾਜਗੰਜ ਤੋਂ ਅਮੀਰਾ ਕਦਲ ਤਕ ਕਿਸ਼ਤੀ ਵਿੱਚ ਜਾਣਾ, ਡੱਲ ਝੀਲ ਵਿੱਚ ਕਿਸ਼ਤੀਆਂ ਦੀ ਸੈਰ ਕਰਦਿਆਂ ਸਬਜ਼ੀਆਂ ਲੈ ਕੇ ਆਉਣਾ ਆਮ ਗੱਲ ਸੀ। ਸਕੂਲ ਵਿੱਚ ਸ੍ਰੀਧਰ ਪਾਠਕ ਦੀ ਕਵਿਤਾ ਪੜ੍ਹੀ ਕਿ ਇਸ ਧਰਤੀ ’ਤੇ ਜੇ ਕਿਧਰੇ ਸਵਰਗ ਹੈ ਤਾਂ ਉਹ ਕਸ਼ਮੀਰ ਵਿੱਚ ਹੈ। ਇਸ ਧਰਤੀ ਦੇ ਸਵਰਗ ਨੂੰ ਵੇਖਣ ਦੀ ਇੱਛਾ ਹੋਣਾ ਸੁਭਾਵਿਕ ਸੀ। ਪਹਿਲੀ ਵਾਰ ਇਸ ਧਰਤੀ ਦੇ ਦਰਸ਼ਨ ਕਰਨ ’ਤੇ ਮਨ ਅਤੇ ਆਤਮਾ ਦੋਵਾਂ ਨੂੰ ਨਾ ਬਿਆਨ ਕਰ ਸਕਣ ਵਾਲਾ ਸਕੂਨ ਮਿਲਿਆ, ਪਰ ਹੁਣ ਕੀ ਹੋ ਗਿਆ ਹੈ? ਹੌਲੀ ਹੌਲੀ ਹਾਲਾਤ ਇੰਨੇ ਬਦਲ ਗਏ ਕਿ ਕਸ਼ਮੀਰ ਵਿਚਲੇ ਮੰਦਿਰਾਂ ਦੇ ਦਰਸ਼ਨਾਂ ਲਈ ਜਾਣ ਬਾਰੇ ਭੈਅ ਲੱਗਣ ਲੱਗਿਆ। ਭਾਰਤ ਸਰਕਾਰ ਦੀਆਂ ਅਨੇਕਾਂ ਸੁਰੱਖਿਆ ਏਜੰਸੀਆਂ ਚਾਲੀ ਦਿਨਾਂ ਤਕ ਚੱਲਣ ਵਾਲੀ ਅਮਰਨਾਥ ਗੁਫ਼ਾ ਦੀ ਯਾਤਰਾ ਨੂੰ ਨਿਰਵਿਘਨ ਅਤੇ ਸੁਰੱਖਿਅਤ ਸੰਪੰਨ ਕਰਵਾਉਣ ਲਈ ਲੱਗੀਆਂ ਹੋਈਆਂ ਹਨ। ਚਾਲੀ ਹਜ਼ਾਰ ਤੋਂ ਵੱਧ ਸੀਆਰਪੀਐੱਫ ਅਤੇ ਹੋਰ ਨੀਮ ਫ਼ੌਜੀ ਬਲਾਂ ਦੇ ਜਵਾਨ ਪਹਿਰਾ ਦੇ ਰਹੇ ਹਨ ਅਤੇ ਦਹਿਸ਼ਤ ਵਿੱਚ ਯਾਤਰਾ ਹੋ ਰਹੀ ਹੈ। ਇਸ ਤੋਂ ਬਾਅਦ ਦੁਖਦਾਈ ਘਟਨਾ ਵਾਪਰ ਗਈ। ਯਾਤਰੀਆਂ ’ਤੇ ਅਤਿਵਾਦੀ ਹਮਲਾ ਹੋ ਗਿਆ। ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਇਨ੍ਹਾਂ ਦੋ ਸਮੱਸਿਆਵਾਂ ’ਤੇ ਮੁੱਖ ਤੌਰ ’ਤੇ ਲੇਖ ਲਿਖੇ ਜਾਂਦੇ ਸਨ: ਕਸ਼ਮੀਰ ਦੀ ਸਮੱਸਿਆ ਅਤੇ ਸ਼ਰਨਾਰਥੀਆਂ ਦੀ ਸਮੱਸਿਆ। ਸੱਤਰ ਵਰ੍ਹੇ ਬੀਤਣ ਤੋਂ ਬਾਅਦ ਵੀ ਕਸ਼ਮੀਰ ਦੀ ਸਮੱਸਿਆ ਹੱਲ ਨਹੀਂ ਹੋਈ। ਇਹ ਹੱਲ ਹੋ ਵੀ ਨਹੀਂ ਸਕਦੀ ਸੀ ਕਿਉਂਕਿ ਉੱਥੋਂ ਦੇ ਜ਼ਿਆਦਾਤਰ ਨੇਤਾ ਭਾਸ਼ਣਾਂ ਵਿੱਚ ਤਾਂ ਹਮੇਸ਼ਾਂ ਹੀ ਏਕਤਾ ਦੀ ਗੱਲ ਕਰਦੇ ਸਨ, ਪਰ ਉਨ੍ਹਾਂ ਦੇ ਮਨ ਵਿੱਚ ਹਮੇਸ਼ਾਂ ਹੀ ਵਖਰੇਵਾਂ ਸੀ। ਅੱਜ ਸ਼ਾਇਦ ਇਹ ਸੁਣਨ ਨੂੰ ਕੋਈ ਤਿਆਰ ਨਹੀਂ ਹੋਵੇਗਾ ਕਿ ਜਦੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਦੀ ਧੀ ਨੂੰ ਅਗਵਾ ਕਰਕੇ ਕਈ ਅਤਿਵਾਦੀਆਂ ਨੂੰ ਰਿਹਾਅ ਕਰਵਾ ਲਿਆ ਗਿਆ, ਉਦੋਂ ਤੋਂ ਹੀ ਕਸ਼ਮੀਰ ਵਿੱਚ ਦਹਿਸ਼ਤਗਰਦੀ ਦੀ ਸਮੱਸਿਆ ਗੰਭੀਰ ਹੋ ਗਈ। ਕਸ਼ਮੀਰ ਦੇ ਆਮ ਨਾਗਰਿਕ- ਦੇਸ਼ਭਗਤ ਨਾਗਰਿਕ ਇਸ ਨਾਟਕ ਦੀ ਜਿਹੜੀ ਚਰਚਾ ਕਰਦੇ ਹਨ ਉਹ ਕੋਈ ਵੀ ਨਹੀਂ ਸੁਣ ਸਕਦਾ, ਪਰ ਪਤਾ ਨਹੀਂ ਕਿਉਂ ਉਸ ਨੂੰ ਸੁਣ ਕੇ ਸੱਤਾ ’ਤੇ ਕਾਬਜ਼ ਲੋਕ ਚੁੱਪ ਕਿਉਂ ਰਹੇ। 1989 ਤੋਂ ਬਾਅਦ ਦੇ ਦਸ ਵਰ੍ਹੇ ਕਸ਼ਮੀਰ ਦੇ ਇਤਿਹਾਸ ਦਾ ਕਾਲਾ ਦੌਰ ਹਨ।

ਸਰਕਾਰੀ ਸੰਪਤੀ ਦਾ ਨੁਕਸਾਨ ਅਤੇ ਮਨੁੱਖੀ ਘਾਣ ਸਭ ਤੋਂ ਵੱਧ ਇਨ੍ਹਾਂ ਦਸ ਵਰ੍ਹਿਆਂ ਵਿੱਚ ਹੋਇਆ। ਇਹ ਵੀ ਸੱਚ ਹੈ ਕਿ ਤਿੰਨ ਪੀੜ੍ਹੀਆਂ ਤਕ ਕਸ਼ਮੀਰ ਵਿੱਚ ਸ਼ਾਸਨ ਕਰ ਚੁੱਕਿਆ ਉੱਘਾ ਸਿਆਸੀ ਪਰਿਵਾਰ ਵੀ ਅੱਜ ਦਹਿਸ਼ਤਗਰਦੀ ਵਿਰੁੱਧ ਨਹੀਂ ਡਟਿਆ ਅਤੇ ਇਹ ਨਹੀਂ ਦੱਸ ਰਿਹਾ ਕਿ ਕਸ਼ਮੀਰ ਦਾ ਨੌਜਵਾਨ ਹਿੰਸਕ ਕਿਵੇਂ ਹੋ ਗਿਆ ਅਤੇ ਦਹਿਸ਼ਤਗਰਦੀ ਵੱਲ ਕਿਵੇਂ ਚਲਾ ਗਿਆ।
ਸੱਚ ਤਾਂ ਇਹ ਹੈ ਕਿ ਪਾਕਿਸਤਾਨ ਵਿੱਚ ਜਦੋਂ ਕਟਾਸਰਾਜ ਮੰਦਿਰ ਦੀ ਯਾਤਰਾ ਕਰਨ ਜਾਂਦੇ ਹਾਂ ਤਾਂ ਉਦੋਂ ਪਾਕਿਸਤਾਨ ਸਰਕਾਰ ਨੂੰ ਵੀ ਯਾਤਰੀਆਂ ਨੂੰ ਸਖ਼ਤ ਸੁਰੱਖਿਆ ਦੇਣੀ ਪੈਂਦੀ ਹੈ। ਹੁਣ ਸਵਾਲ ਇਹ ਹੈ ਕਿ ਦੇਸ਼ ਵਾਸੀ ਕਦੇ ਕਦਾਈਂ ਹੀ ਕਿਉਂ ਜਾਗਦੇ ਹਨ? ਖ਼ਾਸਕਰ ਉਹ ਲੋਕ ਜਿਹੜੇ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਆਖਦੇ ਹਨ। ਜਦੋਂ ਪੱਥਰਬਾਜ਼ਾਂ ਨਾਲ ਨਜਿੱਠ ਰਹੇ ਫ਼ੌਜੀਆਂ ’ਤੇ ਪੱਥਰ ਅਤੇ ਪੈਟਰੋਲ ਬੰਬ ਸੁੱਟੇ ਜਾਂਦੇ ਹਨ ਤਾਂ ਕਿਸੇ ਨੂੰ ਪ੍ਰੇਸ਼ਾਨੀ ਕਿਉਂ ਨਹੀਂ ਹੁੰਦੀ?
ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੇ ਨਾਂ ’ਤੇ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਅਤੇ ਕਸ਼ਮੀਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਉਦੋਂ ਕਿਉਂ ਨਹੀਂ ਬੋਲਦੇ ਜਦੋਂ ਸਾਡੇ ਫ਼ੌਜੀਆਂ ਦੇ ਸਿਰ ਕਲਮ ਕੀਤੇ ਜਾਂਦੇ ਹਨ। ਉਨ੍ਹਾਂ ਦੇ ਸਰੀਰਾਂ ਦਾ ਵੱਢ-ਟੁੱਕ ਕੀਤੀ ਜਾਂਦੀ ਹੈ। ਇੱਕ ਡੀਐੱਸਪੀ ਨੂੰ ਮਸੀਤ ਦੇ ਬਾਹਰ ਵੱਢ ਦਿੱਤਾ ਜਾਂਦਾ ਹੈ।
ਪੂਰੇ ਮੁਲਕ ਦੇ ਲੋਕਾਂ ਨੂੰ ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਵਾਲੇ ਦੇਸ਼ ਦੇ ਦੁਸ਼ਮਣਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਪਵੇਗੀ। ਹੈਰਾਨੀ ਦੀ ਗੱਲ ਹੈ ਕਿ ਇਲੈਕਟ੍ਰੌਨਿਕ ਮੀਡੀਆ ਦੇਸ਼ ਖਿਲਾਫ਼ ਜ਼ਹਿਰ ਉਗਲਣ ਵਾਲਿਆਂ ਨੂੰ ਆਪਣੇ ਚੈਨਲਾਂ ’ਤੇ ਅਜਿਹਾ ਕਰਨ ਦਾ ਮੌਕਾ ਦਿੰਦਾ ਹੈ। ਅੱਜ ਲੋੜ ਹੈ ਕਿ ਪੂਰੇ ਮੁਲਕ ਦੇ ਦੇਸ਼ਭਗਤ ਲੋਕ ਇੱਕ ਆਵਾਜ਼ ਵਿੱਚ ਜਾਤੀ, ਧਰਮ, ਭਾਸ਼ਾ ਅਤੇ ਸੂਬਿਆਂ ਦੇ ਵਖਰੇਵੇਂ ਭੁੱਲ ਕੇ ਸਹੀ ਗੱਲ ਦੀ ਹਮਾਇਤ ਕਰਨ ਅਤੇ ਗ਼ਲਤ ਦਾ ਵਿਰੋਧ ਕਰਨ। ਸ਼ਿਕਾਇਤ ਸੁਰੱਖਿਆ ਏਜੰਸੀਆਂ ਤੋਂ ਵੀ ਹੈ ਕਿ ਉਹ ਧਮਾਕਾਖੇਜ਼ ਸਮੱਗਰੀ ਮਿਲਣ ਜਾਂ ਘਟਨਾ ਵਾਪਰਨ ਤੋਂ ਬਾਅਦ ਜਿੰਨੀ ਮੁਸਤੈਦੀ ਨਾਲ ਜਾਂਚ ਕਰਦੇ ਹਨ , ਜੇ ਉਹ ਇੰਨੀ ਹੀ ਮੁਸਤੈਦੀ ਪਹਿਲਾਂ ਦਿਖਾਉਣ ਤਾਂ ਅਜਿਹੀਆਂ ਘਟਨਾਵਾਂ ਨਹੀਂ ਵਾਪਰ ਸਕਦੀਆਂ। ਦੇਸ਼ਵਾਸੀ ਵੀ ਚੌਕਸ ਹੋ ਕੇ ਆਲੇ ਦੁਆਲੇ ਦੀ ਖ਼ਬਰ ਰੱਖਣ ਤਾਂ ਅਤਿਵਾਦੀ ਵੀ ਦੇਸ਼ ਵਿੱਚ ਟਿਕ ਨਹੀਂ ਸਕਦੇ। ਸਾਡਾ ਵੀ ਕਰਤੱਵ ਹੈ ਕਿ ਜਦੋਂ ਦੇਸ਼ ਲਈ ਸ਼ਹਾਦਤ ਦੇਣ ਵਾਲੇ ਜਵਾਨ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚੇ ਤਾਂ ਪਿੰਡ ਦੇ ਲੋਕ ਪੀੜਤ ਪਰਿਵਾਰ ਨੂੰ ਗੋਦ ਲੈਣ। ਸਿਰਫ਼ ਉਸ ਦੇ ਅਮਰ ਰਹਿਣ ਦਾ ਨਾਅਰਾ ਲਾ ਕੇ ਹੀ ਆਪਣਾ ਕਰਤੱਵ ਭੁਲਾ ਨਾ ਦੇਣ।

Facebook Comment
Project by : XtremeStudioz