Close
Menu

ਕਸ਼ਮੀਰ ਵਿੱਚ ਝੜਪ; ਚਾਰ ਨੌਜਵਾਨ ਹਿਰਾਸਤ ਵਿੱਚ ਲਏ

-- 24 May,2017

ਸ੍ਰੀਨਗਰ,  ਇੱਥੇ ਇਕ ਕਾਲਜ ਵਿੱਚ ਮੁਜ਼ਾਹਰੇ ਦੌਰਾਨ ਪੁਲੀਸ ਨਾਲ ਝੜਪ ਮਗਰੋਂ ਅੱਜ ਘੱਟੋ ਘੱਟ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਕ ਵੱਖਰੀ ਘਟਨਾ ਵਿੱਚ ਬਾਰਾਮੂਲਾ ਜ਼ਿਲ੍ਹੇ ਵਿੱਚ ਮੁਜ਼ਾਹਰਾਕਾਰੀ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਸੁਰੱਖਿਆ ਦਸਤਿਆਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ।
ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸ੍ਰੀਨਗਰ ਦੇ ਬਿਲਕੁਲ ਵਿਚਕਾਰ ਮੌਲਾਨਾ ਆਜ਼ਾਦ ਸੜਕ ਉਤੇ ਪੈਂਦੇ ਐਸਪੀ ਕਾਲਜ ਦੇ ਮੁੱਖ ਗੇਟ ਉਤੇ ਵਿਦਿਆਰਥੀ ਮੁਜ਼ਾਹਰੇ ਲਈ ਇਕੱਤਰ ਹੋਏ। ਸਾਦੀ ਵਰਦੀ ਵਾਲੇ ਪੁਲੀਸ ਮੁਲਾਜ਼ਮਾਂ ਨੇ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਸਪੱਸ਼ਟ ਨਹੀਂ ਹੋਇਆ ਕਿ ਹਿਰਾਸਤ ਵਿੱਚ ਲਏ ਨੌਜਵਾਨ ਇਸ ਕਾਲਜ ਦੇ ਵਿਦਿਆਰਥੀ ਸਨ।
ਅਧਿਕਾਰੀਆਂ ਨੇ ਕਿਹਾ ਕਿ ਬਾਰਾਮੂਲਾ ਜ਼ਿਲ੍ਹੇ ਦੇ ਪਾਲਹਲਨ ਇਲਾਕੇ ਤੋਂ ਸੁਰੱਖਿਆ ਦਸਤਿਆਂ ਤੇ ਵਿਦਿਆਰਥੀਆਂ ਵਿਚਾਲੇ ਝੜਪਾਂ ਦੀਆਂ ਰਿਪੋਰਟਾਂ ਹਨ। ਪੁਲੀਸ ਮੁਜ਼ਾਹਰਾਕਾਰੀਆਂ ਨੂੰ ਫੜਨ ਲਈ ਮੌਕੇ ਉਤੇ ਗਈ ਪਰ ਉਸ ਨੂੰ ਪਥਰਾਅ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ਇਲਾਕੇ ਦੇ ਜੰਗਲਾਂ ਵਿੱਚੋਂ ਅਸਲਾ ਬਰਾਮਦ ਕੀਤਾ। ਇਸ ਥਾਂ ਬੀਤੀ ਰਾਤ ਅਤਿਵਾਦੀਆਂ ਨਾਲ ਮੁਕਾਬਲਾ ਹੋਇਆ ਸੀ। ਉੱਧਰ ਪੁਲਵਾਮਾ ਜ਼ਿਲ੍ਹੇ ਵਿੱਚ ਇਕ ਕ੍ਰਿਕਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ ਦਾ ਤਰਾਨਾ ਵਜਾਉਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਹੈ, ਜਿਸ ਮਗਰੋਂ ਪੁਲੀਸ ਨੇ ਫੌਰੀ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਕੱਲ੍ਹ ਪੁਲਵਾਮਾ ਦੇ ਜ਼ਿਲ੍ਹਾ ਸਟੇਡੀਅਮ ਵਿੱਚ ਸ਼ਾਈਨਿੰਗ ਸਟਾਰਜ਼ ਪੰਪੋਰ ਅਤੇ ਪੁਲਵਾਮਾ ਟਾਈਗਰਜ਼ ਵਿਚਾਲੇ ਮੈਚ ਤੋਂ ਪਹਿਲਾਂ ਫਿਲਮਾਈ ਗਈ।

Facebook Comment
Project by : XtremeStudioz